ਨੂੰਹ ਅਤੇ ਉਸ ਦੇ ਪਰਿਵਾਰ ਤੋਂ ਦੁਖੀ ਵਿਅਕਤੀ ਨੇ (ਗੁਰਦਿਤੀ ਵਾਲਾ ਹੈੱਡ) ਨਹਿਰ ‘ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਪੈਸੇ ਖਰਚ ਕੇ ਨੂੰਹ ਨੂੰ ਪੜ੍ਹਨ ਲਈ ਇੰਗਲੈਂਡ ਭੇਜਿਆ ਅਤੇ ਕੁਝ ਮਹੀਨਿਆਂ ਬਾਅਦ ਬੇਟੇ ਨੂੰ ਟੂਰਿਸਟ ਵੀਜ਼ੇ ‘ਤੇ ਇੰਗਲੈਂਡ ਭੇਜ ਦਿੱਤਾ। ਜਦੋਂ ਦੋਵੇਂ ਆਪਸ ਵਿਚ ਮਿਲੇ ਤਾਂ ਨੂੰਹ ਨੇ ਕਿਹਾ ਕਿ ਹੁਣ ਸਾਡੇ ਦੋਵਾਂ ਵਿਚ ਪਤੀ-ਪਤਨੀ ਦਾ ਕੋਈ ਰਿਸ਼ਤਾ ਨਹੀਂ ਰਿਹਾ। ਇਹ ਗੱਲ ਸੁਣ ਕੇ ਲੜਕੇ ਦੇ ਪਿਤਾ ਨੇ ਖੁਦਕੁਸ਼ੀ ਕਰ ਲਈ। ਦੂਜੇ ਪਾਸੇ ਥਾਣਾ ਮੱਲਾਂਵਾਲਾ ਦੀ ਪੁਲਸ ਨੇ ਵੀਰਵਾਰ ਨੂੰ ਦੋਸ਼ੀ ਨੂੰਹ ਸਮੇਤ 6 ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਇਹ ਮਾਮਲਾ ਪੰਜਾਬ ਦੇ ਫਿਰੋਜ਼ਪੁਰ ਦਾ ਹੈ।
ਪੀੜਤ ਰੇਖਾ ਰਾਣੀ ਵਾਸੀ ਵਾਰਡ ਨੰਬਰ-5 ਨੇ ਪੁਲਸ ਨੂੰ ਦੱਸਿਆ ਕਿ ਲੜਕੇ ਪਵਨ ਕੁਮਾਰ ਦਾ ਵਿਆਹ 27 ਜੁਲਾਈ 2019 ਨੂੰ ਪ੍ਰਿਅੰਕਾ ਨਾਲ ਹੋਇਆ ਸੀ। ਦੋਵੇਂ ਪੜ੍ਹੇ ਲਿਖੇ ਸਨ। ਉਸ ਦੇ ਪਤੀ ਰਜਿੰਦਰ ਕੁਮਾਰ ਨੇ ਕਿਹਾ ਕਿ ਦੋਵਾਂ ਨੂੰ ਵਿਦੇਸ਼ ਭੇਜ ਦਿੰਦੇ ਹਾਂ। ਪ੍ਰਿਅੰਕਾ ਨੂੰ ਪੜ੍ਹਾਈ ਲਈ ਇੰਗਲੈਂਡ ਭੇਜ ਦਿੱਤਾ। ਕੁਝ ਮਹੀਨਿਆਂ ਬਾਅਦ ਪਵਨ ਨੂੰ ਟੂਰਿਸਟ ਵੀਜ਼ੇ ‘ਤੇ ਇੰਗਲੈਂਡ ਭੇਜ ਦਿੱਤਾ ਗਿਆ। ਇੰਗਲੈਂਡ ਪਹੁੰਚ ਕੇ ਜਦੋਂ ਪਵਨ ਆਪਣੀ ਪਤਨੀ ਪ੍ਰਿਅੰਕਾ ਨੂੰ ਮਿਲਿਆ ਤਾਂ ਉਸ ਨੇ ਕਿਹਾ ਕਿ ਸਾਡੇ ਵਿਚ ਪਤੀ-ਪਤਨੀ ਦਾ ਰਿਸ਼ਤਾ ਖਤਮ ਹੋ ਗਿਆ ਹੈ।
ਜਦੋਂ ਪਵਨ ਨੇ ਪਿਤਾ ਰਜਿੰਦਰ ਨੂੰ ਪ੍ਰਿਯੰਕਾ ਦੀ ਇਸ ਹਰਕਤ ਬਾਰੇ ਦੱਸਿਆ ਤਾਂ ਉਸ ਦੇ ਦਿਲ ਨੂੰ ਗਹਿਰਾ ਸਦਮਾ ਲੱਗਾ। ਇੰਨਾ ਹੀ ਨਹੀਂ ਨੂੰਹ ਅਤੇ ਉਸ ਦੇ ਪਰਿਵਾਰ ਵਾਲਿਆਂ ਨੇ ਇਸ ਦੀ ਸ਼ਿਕਾਇਤ ਐਨ.ਆਰ.ਆਈ ਲੁਧਿਆਣਾ ਪੁਲਿਸ ਸਟੇਸ਼ਨ ਨੂੰ ਦਿੱਤੀ ਹੈ। ਇਨ੍ਹਾਂ ਸਾਰੀਆਂ ਗੱਲਾਂ ਕਾਰਨ ਰਜਿੰਦਰ ਕੁਮਾਰ ਪ੍ਰੇਸ਼ਾਨ ਰਹਿਣ ਲੱਗਿਆ। ਬੁੱਧਵਾਰ ਨੂੰ ਜਦੋਂ ਰਜਿੰਦਰ ਮੋਟਰਸਾਈਕਲ ਲੈ ਕੇ ਘਰੋਂ ਨਿਕਲਿਆ ਤਾਂ ਰਾਤ ਭਰ ਘਰ ਵਾਪਸ ਨਹੀਂ ਆਇਆ।
ਸਵੇਰੇ ਉਸ ਦਾ ਮੋਟਰਸਾਈਕਲ ਗੁਰਦਿੱਤੀ ਵਾਲਾ ਹੈੱਡ ਨੇੜੇ ਮਿਲਿਆ। ਉਸ ਨੇ ਨਹਿਰ ‘ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਥਾਣਾ ਮੱਲਾਂਵਾਲਾ ਦੀ ਪੁਲੀਸ ਨੇ ਰੇਖਾ ਰਾਣੀ ਦੀ ਸ਼ਿਕਾਇਤ ’ਤੇ ਦੋਸ਼ੀ ਨੂੰਹ ਪ੍ਰਿਅੰਕਾ, ਪ੍ਰਿਅੰਕਾ ਦੇ ਪਿਤਾ ਵਿਜੇ ਕੁਮਾਰ, ਮਾਂ ਮਮਤਾ ਰਾਣੀ, ਰਿਤਿਕ ਵਾਸੀ ਮੱਲਾਂਵਾਲਾ (ਮੌਜੂਦਾ ਇੰਗਲੈਂਡ), ਦੀਪਕ ਕੁਮਾਰ ਵਾਸੀ ਫਰੀਦਕੋਟ ਅਤੇ ਰਾਕੇਸ਼ ਕੁਮਾਰ ਵਾਸੀ ਗੁਰੂਹਰਸਹਾਏ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਸਾਰੇ ਦੋਸ਼ੀ ਫਰਾਰ ਹਨ।