ਪੰਜਾਬ ਦੇ ਤਰਨਤਾਰਨ ਵਿਚ ਦੋ ਦੋਸਤਾਂ ਦਾ ਉਸ ਦੇ ਹੀ ਰਿਸ਼ਤੇਦਾਰਾਂ ਨੇ ਸਾਥੀਆਂ ਨਾਲ ਮਿਲ ਕੇ ਕਤਲ ਕਰ ਦਿੱਤਾ ਹੈ। ਪਿੰਡ ਵਾਸੀਆਂ ਨੇ ਘਰ ‘ਚ ਲਾਸ਼ਾਂ ਪਈਆਂ ਦੇਖ ਕੇ ਪੁਲਸ ਅਤੇ ਪਰਿਵਾਰ ਨੂੰ ਸੂਚਨਾ ਦਿੱਤੀ। ਇਨ੍ਹਾਂ ਮ੍ਰਿਤਕਾਂ ਦੀ ਪਛਾਣ ਤਰਨਤਾਰਨ ਦੇ ਪੱਟੀ ਵਿਚ ਪਿੰਡ ਗੁਦਾਈ ਵਾਸੀ ਗੁਰਦਰਸ਼ਨ ਸਿੰਘ ਉਰਫ਼ ਸੋਨਾ ਉਮਰ 27 ਸਾਲ ਅਤੇ ਸ਼ਿੰਦਰ ਸਿੰਘ ਉਮਰ 26 ਸਾਲ ਵਾਸੀ ਪਿੰਡ ਜੰਡ ਦੇ ਰੂਪ ਵਜੋਂ ਹੋਈ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਮੌਕੇ ‘ਤੇ ਪਹੁੰਚੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦੋਵੇਂ ਮ੍ਰਿਤਕ ਆਪਸ ‘ਚ ਕਰੀਬੀ ਦੋਸਤ ਹਨ। ਜਿੱਥੇ ਇਹ ਘਟਨਾ ਵਾਪਰੀ ਹੈ ਉਥੇ ਸੋਨਾ ਦਾ ਹੀ ਨਜ਼ਦੀਕੀ ਰਿਸ਼ਤੇਦਾਰ ਮਲਕੀਤ ਸਿੰਘ ਰਹਿੰਦਾ ਹੈ। ਮੌਕੇ ’ਤੇ ਪੁੱਜੇ ਡੀਐਸਪੀ ਪੱਟੀ ਸਤਨਾਮ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਦੋਸ਼ੀ ਮਕਾਨ ਮਾਲਕ ਮਲਕੀਤ ਸਿੰਘ ਹੈ। ਇਹ ਕਤਲ ਉਸ ਨੇ ਆਪਣੇ 5 ਸਾਥੀਆਂ ਨਾਲ ਮਿਲ ਕੇ ਕੀਤੇ ਹਨ। ਜਦੋਂ ਸੋਨਾ ਅਤੇ ਸ਼ਿੰਦਰ ਘਰ ਪਹੁੰਚੇ ਤਾਂ ਮਲਕੀਤ ਤੋਂ ਇਲਾਵਾ ਪੰਜ ਹੋਰ ਸਾਥੀ ਉੱਥੇ ਮੌਜੂਦ ਸਨ।
ਦੋਸ਼ੀਆਂ ਨੇ ਮ੍ਰਿਤਕਾਂ ਦੇ ਮੋਬਾਈਲ ਤੋੜ ਦਿੱਤੇ
ਡੀਐਸਪੀ ਸਤਨਾਮ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਨੇ ਕਤਲ ਤੋਂ ਬਾਅਦ ਦੋਵਾਂ ਮ੍ਰਿਤਕਾਂ ਦੇ ਮੋਬਾਈਲ ਫੋਨ ਤੋੜ ਦਿੱਤੇ। ਘਟਨਾ ਵਾਲੀ ਥਾਂ ਤੋਂ ਸਾਫ਼ ਹੈ ਕਿ ਦੋ ਗੁੱਟਾਂ ਵਿੱਚ ਕਿਸੇ ਗੱਲ ਨੂੰ ਲੈ ਕੇ ਕਾਫ਼ੀ ਤਕਰਾਰ ਹੋ ਗਈ ਸੀ ਅਤੇ ਦੋਸ਼ੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਦੋਵਾਂ ਦਾ ਕਤਲ ਕਰ ਦਿੱਤਾ।
ਫੋਰੈਂਸਿਕ ਟੀਮ ਨੇ ਜਾਂਚ ਕੀਤੀ ਸ਼ੁਰੂ
ਡੀਐਸਪੀ ਸਤਨਾਮ ਸਿੰਘ ਨੇ ਦੱਸਿਆ ਕਿ ਫਿਲਹਾਲ ਫੋਰੈਂਸਿਕ ਟੀਮ ਮੌਕੇ ਤੇ ਪਹੁੰਚ ਚੁੱਕੀ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਡੌਗ ਸਕੁਐਡ ਟੀਮ ਨੇ ਵੀ ਮੌਕੇ ਦੀ ਜਾਂਚ ਕੀਤੀ ਹੈ। ਫਿਲਹਾਲ ਲਾਸ਼ਾਂ ਨੂੰ ਕਬਜੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲਸ ਮਲਕੀਤ ਤੋਂ ਇਲਾਵਾ 5 ਅਣਪਛਾਤੇ ਵਿਅਕਤੀਆਂ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਕਾਰਵਾਈ ਕਰ ਰਹੀ ਹੈ।