ਪਰਿਵਾਰ ਲਈ ਰੋਜ਼ੀ ਰੋਟੀ ਕਮਾਉਣ ਸਾਊਦੀ ਅਰਬ ਗਏ, ਨੌਜਵਾਨ ਦੀ ਮੌਤ ਬਣ ਗਈ ਰਹੱਸ, ਜਾਣੋ ਪੂਰਾ ਮਾਮਲਾ

Punjab

ਪੰਜਾਬ ਦੇ ਜਿਲ੍ਹਾ ਹੁਸ਼ਿਆਰਪੁਰ ਦੇ ਗੜ੍ਹਦੀਵਾਲਾ ਨੇੜਲੇ ਪਿੰਡ ਰੂਪੋਵਾਲ ਤੋਂ ਸਾਊਦੀ ਅਰਬ ‘ਚ ਰੋਜ਼ੀ ਰੋਟੀ ਕਮਾਉਣ ਗਏ ਨੌਜਵਾਨ ਹਰਜੋਤ ਸਿੰਘ ਉਮਰ 32 ਸਾਲ ਦੀ ਮੌਤ ਦੀ ਜਾਣਕਾਰੀ ਨਾ ਸੁਲਝੀ ਹੋਈ ਬੁਝਾਰਤ ਬਣੀ ਹੋਈ ਹੈ। ਹਰਜੋਤ ਸਿੰਘ ਬਾਰੇ ਕਿਸੇ ਨੇ ਫ਼ੋਨ ‘ਤੇ ਦੱਸਿਆ ਸੀ ਕਿ ਟਰਾਲੇ ‘ਚ ਅੱਗ ਲੱਗਣ ਕਾਰਨ ਉਸ ਦੀ ਮੌਤ ਹੋ ਗਈ ਹੈ ਅਤੇ ਸਰੀਰ ਦਾ ਕੋਈ ਅੰਗ ਨਹੀਂ ਬਚਿਆ। ਹਰਜੋਤ ਸਿੰਘ ਆਪਣੇ ਪਿੱਛੇ ਮਾਤਾ-ਪਿਤਾ ਤੋਂ ਇਲਾਵਾ ਪਤਨੀ ਪ੍ਰਿੰਕਾ, 11 ਅਤੇ 10 ਸਾਲ ਦੀਆਂ 2 ਧੀਆਂ ਅਤੇ 4 ਸਾਲ ਦਾ ਇੱਕ ਪੁੱਤਰ ਛੱਡ ਗਿਆ ਹੈ। ਇਸ ਘਟਨਾ ਕਾਰਨ ਜਿੱਥੇ ਪਰਿਵਾਰ ਸਦਮੇ ਵਿੱਚ ਹੈ, ਉੱਥੇ ਹੀ ਇਲਾਕੇ ਵਿੱਚ ਵੀ ਸੋਗ ਦੀ ਲਹਿਰ ਵੀ ਹੈ।

ਸਾਊਦੀ ਅਰਬ ਗਏ ਮੁੰਡੇ ਦੀ ਤਸਵੀਰ

ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਜੋਤ ਸਿੰਘ ਦੇ ਪਿਤਾ ਇੰਦਰਜੀਤ ਅਤੇ ਮਾਤਾ ਬਲਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਹਰਜੋਤ ਸਿੰਘ 12 ਜਨਵਰੀ 2022 ਨੂੰ ਰੋਜ਼ੀ-ਰੋਟੀ ਕਮਾਉਣ ਲਈ ਸਾਊਦੀ ਅਰਬ ਗਿਆ ਸੀ ਅਤੇ ਉੱਥੇ ਟਰਾਲਾ ਚਲਾਉਂਦਾ ਸੀ। ਉਨ੍ਹਾਂ ਦੱਸਿਆ ਕਿ 30 ਸਤੰਬਰ ਨੂੰ ਪੰਜਾਬ ਤੋਂ ਸਾਊਦੀ ਅਰਬ ਗਏ ਇਕ ਵਿਅਕਤੀ ਦਾ ਹਰਜੋਤ ਸਿੰਘ ਬਾਰੇ ਫੋਨ ਆਇਆ ਕਿ ਟਰਾਲੇ ਨੂੰ ਅੱਗ ਲੱਗਣ ਕਾਰਨ ਉਨ੍ਹਾਂ ਦੇ ਲੜਕੇ ਦੀ ਮੌਤ ਹੋ ਗਈ ਹੈ। ਜਿਸ ਵਿੱਚ ਉਸਦਾ ਇੱਕ ਵੀ ਅੰਗ ਤੱਕ ਨਹੀਂ ਬਚਿਆ। ਹਰਜੋਤ ਸਿੰਘ ਦੀ ਲਾਸ਼ ਬਰਾਮਦ ਨਾ ਹੋਣ ਕਾਰਨ ਅਤੇ ਅੱਗ ਦੀ ਲਪੇਟ ਵਿਚ ਆਈ ਟਰਾਲੇ ਦੀਆਂ ਤਸਵੀਰਾਂ ਵਿਚ ਮੌਤ ਦਾ ਕੋਈ ਸੁਰਾਗ ਨਾ ਮਿਲਣ ਕਾਰਨ ਇਹ ਘਟਨਾ ਅਣਸੁਲਝੀ ਬੁਝਾਰਤ ਬਣ ਗਈ ਹੈ। ਹਰਜੋਤ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਨੂੰ ਨਾ ਤਾਂ ਕੰਪਨੀ ਤੋਂ ਇਸ ਸਬੰਧੀ ਕੋਈ ਸਹੀ ਜਾਣਕਾਰੀ ਮਿਲ ਰਹੀ ਹੈ ਅਤੇ ਉਨ੍ਹਾਂ ਨੂੰ ਸ਼ੱਕ ਹੈ ਕਿ ਉਨ੍ਹਾਂ ਦੇ ਪੁੱਤਰ ਬਾਰੇ ਗਲਤ ਜਾਣਕਾਰੀ ਦਿੱਤੀ ਗਈ ਹੈ।

ਮਾਤਾ-ਪਿਤਾ ਦੀ ਤਸਵੀਰ

ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਾਊਦੀ ਅਰਬ ਦੀ ਸਰਕਾਰ ਨਾਲ ਗੱਲ ਕਰਕੇ ਇਸ ਘਟਨਾ ਦੀ ਜਾਂਚ ਕਰਵਾਈ ਜਾਵੇ। ਪਰਿਵਾਰ ਨੇ ਇਸ ਘਟਨਾ ਸਬੰਧੀ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਯੂਥ ਵਿੰਗ ਦੇ ਪ੍ਰਧਾਨ ਚੌਧਰੀ ਰਾਜਵਿੰਦਰ ਸਿੰਘ ਰਾਜਾ ਨਾਲ ਦਫ਼ਤਰ ਵਿੱਚ ਗੱਲਬਾਤ ਕੀਤੀ ਅਤੇ ਚੌਧਰੀ ਰਾਜਾ ਵਲੋਂ ਹਲਕਾ ਵਿਧਾਇਕ ਨਾਲ ਸੰਪਰਕ ਕਰਵਾਇਆ ਗਿਆ। ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਭਰੋਸਾ ਦਿੱਤਾ ਕਿ ਉਨ੍ਹਾਂ ਦੇ ਵਲੋਂ ਇਨਸਾਫ਼ ਦਿਵਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।

Leave a Reply

Your email address will not be published. Required fields are marked *