ਤਰਨਤਾਰਨ ਦੇ ਕਸਬਾ ਹਰੀਕੇ ਪੱਤਣ ‘ਚ ਬੁੱਧਵਾਰ ਦੀ ਰਾਤ ਅਣਪਛਾਤੇ ਵਿਅਕਤੀਆਂ ਨੇ ਸਾਬਕਾ ਫੌਜੀ ਸੁਖਦੇਵ ਸਿੰਘ ਉਮਰ 60 ਸਾਲ ਅਤੇ ਉਸ ਦੀ ਪਤਨੀ ਰਾਜਬੀਰ ਕੌਰ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਘਰ ਵਿੱਚ ਮੌਜੂਦ ਸਾਬਕਾ ਸੈਨਿਕ ਦੀ ਬੇਟੀ ਅਤੇ ਨੂੰਹ ਨੂੰ ਸਟੋਰ ਵਿੱਚ ਬੰਧਕ ਬਣਾ ਕੇ 12 ਬੋਰ ਦੀ ਲਾਇਸੈਂਸੀ ਰਾਈਫਲ, ਚਾਰ ਮੁੰਦਰੀਆਂ ਅਤੇ ਇੱਕ ਕੀਮਤੀ ਘੜੀ ਲੁੱਟ ਲਈ। ਇਹ ਘਟਨਾ ਥਾਣਾ ਹਰੀਕੇ ਪੱਤਣ ਤੋਂ ਮਹਿਜ਼ 100 ਮੀਟਰ ਦੀ ਦੂਰੀ ’ਤੇ ਵਾਪਰੀ ਹੈ। ਪੁਲਸ ਨੇ ਵੀਰਵਾਰ ਨੂੰ ਲਾਸ਼ਾਂ ਕਬਜ਼ੇ ‘ਚ ਲੈ ਕੇ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਵਿਧਾਨ ਸਭਾ ਹਲਕਾ ਪੱਟੀ ਦੇ ਕਸਬਾ ਹਰੀਕੇ ਪੱਤਣ ਦਾ ਰਹਿਣ ਵਾਲਾ ਸਾਬਕਾ ਫੌਜੀ ਸੁਖਦੇਵ ਸਿੰਘ ਪੰਚਾਇਤ ਮੈਂਬਰ ਵੀ ਸੀ। ਸੁਖਦੇਵ ਸਿੰਘ ਦਾ ਲੜਕਾ ਵਿਦੇਸ਼ ਵਿਚ ਰਹਿੰਦਾ ਹੈ। ਸੁਖਦੇਵ ਸਿੰਘ ਆਪਣੀ ਪਤਨੀ ਰਾਜਬੀਰ ਕੌਰ, ਬੇਟੀ ਸਿਮਰਨਪਾਲ ਕੌਰ ਅਤੇ ਨੂੰਹ ਸੰਦੀਪ ਕੌਰ ਨਾਲ ਰਹਿੰਦਾ ਸੀ।ਬੁੱਧਵਾਰ ਦੀ ਰਾਤ ਨੂੰ ਸੁਖਦੇਵ ਸਿੰਘ ਕੁਰਸੀ ‘ਤੇ ਬੈਠਾ ਟੀਵੀ ਦੇਖ ਰਿਹਾ ਸੀ, ਜਦੋਂ ਕਿ ਪਤਨੀ ਰਾਜਬੀਰ ਕੌਰ ਆਪਣੀ ਨੂੰਹ ਅਤੇ ਬੇਟੀ ਨਾਲ ਇੱਕ ਹੋਰ ਕਮਰੇ ਵਿਚ ਸੀ। ਰਾਤ ਕਰੀਬ ਇੱਕ ਵਜੇ ਅਣਪਛਾਤੇ ਵਿਅਕਤੀ ਘਰ ਵਿੱਚ ਦਾਖਲ ਹੋਏ। ਮੁਲਜ਼ਮਾਂ ਨੇ ਕੁਰਸੀ ’ਤੇ ਬੈਠੇ ਸਾਬਕਾ ਫ਼ੌਜੀ ਸੁਖਦੇਵ ਸਿੰਘ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ।
ਇਸ ਦੌਰਾਨ ਧੀ ਸਿਮਰਨਪਾਲ ਕੌਰ ਅਤੇ ਨੂੰਹ ਸੰਦੀਪ ਕੌਰ ਨੂੰ ਰੱਸੀਆਂ ਨਾਲ ਬੰਨ੍ਹ ਕੇ ਸਟੋਰ ਵਿੱਚ ਬੰਦ ਕਰ ਦਿੱਤਾ ਗਿਆ। ਦੂਜੇ ਕਮਰੇ ਵਿੱਚ ਸੌਂ ਰਹੀ ਰਾਜਬੀਰ ਕੌਰ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀਆਂ ਨੇ ਘਰ ਦੀ ਤਲਾਸ਼ੀ ਲਈ ਤਾਂ ਤਲਾਸ਼ੀ ਦੌਰਾਨ 12 ਬੋਰ ਦੀ ਲਾਇਸੈਂਸੀ ਰਾਈਫਲ, ਚਾਰ ਮੁੰਦਰੀਆਂ, ਕੀਮਤੀ ਘੜੀ ਅਤੇ ਹੋਰ ਸਾਮਾਨ ਲੁੱਟ ਲਿਆ। ਇਹ ਘਟਨਾ ਥਾਣਾ ਹਰੀਕੇ ਤੋਂ ਮਹਿਜ਼ 100 ਮੀਟਰ ਦੀ ਦੂਰੀ ’ਤੇ ਵਾਪਰੀ ਪਰ ਪੁਲੀਸ ਨੂੰ ਰਾਤੋ ਰਾਤ ਕੋਈ ਖ਼ਬਰ ਨਹੀਂ ਮਿਲ ਸਕੀ। ਹੈਰਾਨੀ ਦੀ ਗੱਲ ਇਹ ਹੈ ਕਿ ਹਰੀਕੇ ਪੱਤਣ ਸਥਿਤ ਪੱਟੀ ਚੌਕ, ਬਰਡ ਸੈਂਚੁਰੀ ਦਫ਼ਤਰ, ਰੈਸਟ ਹਾਊਸ ਅਤੇ ਹਰੀਕੇ ਹੈੱਡ ਵਰਕਸ ਤੋਂ ਇਲਾਵਾ ਜੰਮੂ-ਕਸ਼ਮੀਰ, ਰਾਜਸਥਾਨ ਨੈਸ਼ਨਲ ਰੋਡ ‘ਤੇ ਰਾਤ ਸਮੇਂ ਨਾਕਾਬੰਦੀ ਅਤੇ ਗਸ਼ਤ ਵੀ ਹੁੰਦੀ ਹੈ।
ਵੀਰਵਾਰ ਸਵੇਰੇ ਸਬ ਡਵੀਜ਼ਨ ਪੱਟੀ ਦੇ ਡੀਐਸਪੀ ਸਤਨਾਮ ਸਿੰਘ, ਥਾਣਾ ਹਰੀਕੇ ਪੱਤਣ ਦੇ ਇੰਚਾਰਜ ਹਰਜੀਤ ਸਿੰਘ ਮੌਕੇ ਤੇ ਪੁੱਜੇ। ਪੁਲੀਸ ਨੇ ਸਾਬਕਾ ਫ਼ੌਜੀ ਸੁਖਦੇਵ ਸਿੰਘ ਦੀ ਪੁੱਤਰੀ ਸਿਮਰਨਪਾਲ ਕੌਰ, ਨੂੰਹ ਸੰਦੀਪ ਕੌਰ ਤੋਂ ਪੁੱਛਗਿੱਛ ਸ਼ੁਰੂ ਕਰਦਿਆਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਫਿੰਗਰ ਪ੍ਰਿੰਟ ਮਾਹਰ ਅਤੇ ਡਾਗ ਸਕਵੈਡ ਦੀ ਟੀਮ ਨੂੰ ਵੀ ਮੌਕੇ ‘ਤੇ ਬੁਲਾਇਆ ਗਿਆ।