ਜਿਲ੍ਹਾ ਫਰੀਦਕੋਟ ਦੇ ਕੋਟਕਪੂਰਾ ‘ਚ ਇਕ ਵਿਅਕਤੀ ਵਲੋਂ ਖੁਦ ‘ਤੇ ਪੈਟਰੋਲ ਛਿੜਕ ਕੇ ਖੁਦਕੁਸ਼ੀ ਕਰਨ ਦਾ ਮੰਦਭਾਗਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੋਟਕਪੂਰਾ ਦੇ ਮੁਹੱਲਾ ਸੁਰਗਾਪੁਰੀ ਦੇ ਰਹਿਣ ਵਾਲੇ ਸਾਹਿਬ ਸਿੰਘ ਉਮਰ 39 ਸਾਲ ਦਾ ਆਪਣੇ ਸਹੁਰਿਆਂ ਨਾਲ ਝਗੜਾ ਚੱਲ ਰਿਹਾ ਸੀ। ਉਸ ਨੇ ਪ੍ਰੇਸ਼ਾਨੀ ਵਿਚ ਆਪਣੇ ਆਪ ‘ਤੇ ਪੈਟਰੋਲ ਛਿੜਕ ਕੇ ਅੱਗ ਲਾ ਲਈ। ਇਸ ਦੌਰਾਨ ਉਹ ਬੁਰੀ ਤਰ੍ਹਾਂ ਝੁਲਸ ਗਿਆ ਅਤੇ ਉਸ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਗੰਭੀਰ ਹਾਲਤ ਵਿਚ ਲੁਧਿਆਣਾ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ।
ਮਿਲੀ ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਉਸ ਦੀ ਮੌਤ ਹੋ ਗਈ। ਦੱਸ ਦੇਈਏ ਕਿ ਮ੍ਰਿਤਕ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਇੱਕ ਵੀਡੀਓ ਵੀ ਬਣਾਈ ਸੀ ਅਤੇ ਆਪਣੀ ਮੌਤ ਲਈ ਆਪਣੇ ਸਹੁਰੇ ਪਰਿਵਾਰ ਨੂੰ ਜ਼ਿੰਮੇਵਾਰ ਠਹਿਰਾਇਆ ਸੀ।
ਇਸ ਮੌਕੇ ਮ੍ਰਿਤਕ ਦੇ ਮਾਮਾ ਭੂਸ਼ਨ ਕੁਮਾਰ ਨੇ ਦੱਸਿਆ ਕਿ ਸਾਹਿਬ ਸਿੰਘ ਦਾ ਵਿਆਹ 14 ਸਾਲ ਪਹਿਲਾਂ ਅਬੋਹਰ ਵਾਸੀ ਮੋਨਿਕਾ ਨਾਲ ਹੋਇਆ ਸੀ। ਦੋਵਾਂ ਵਿਚਾਲੇ ਕਾਫੀ ਸਮੇਂ ਤੋਂ ਤਕਰਾਰ ਚੱਲ ਰਹੀ ਸੀ, ਜਿਸ ਕਾਰਨ ਉਹ ਆਪਣੇ 2 ਬੱਚਿਆਂ ਨਾਲ ਸਿੰਗਲ ਪੇਰੈਂਟ ਬਣ ਕੇ ਰਹਿ ਰਹੀ ਸੀ। ਉਸ ਨੇ ਦੱਸਿਆ ਕਿ ਉਹ ਆਪਣੀ ਪਤਨੀ ਨੂੰ ਲੈਣ ਅਬੋਹਰ ਗਿਆ ਸੀ ਪਰ ਉਸ ਦਾ ਸਹੁਰਿਆਂ ਨਾਲ ਲੜਾਈ ਹੋ ਗਈ। ਜਿਸ ਤੋਂ ਬਾਅਦ ਉਸ ਨੇ ਘਰ ਆ ਕੇ ਪ੍ਰੇਸ਼ਾਨ ਹੋ ਕੇ ਆਪਣੇ ਆਪ ਨੂੰ ਅੱਗ ਲਗਾ ਲਈ।
ਇਸ ਸਬੰਧੀ ਥਾਣਾ ਅਬੋਹਰ ਦੀ ਪੁਲੀਸ ਨੇ ਮ੍ਰਿਤਕ ਦੀ ਪਤਨੀ ਮੋਨਿਕਾ, ਸੱਸ ਸੁਮਿੱਤਰਾ ਦੇਵੀ, ਸਹੁਰਾ ਸਤਨਾਰਾਇਣ ਅਤੇ ਭਰਜਾਈ ਰੇਣੂਕਾ ਖ਼ਿਲਾਫ਼ ਆਤਮਹੱਤਿਆ ਲਈ ਮਜਬੂਰ ਕਰਨ ਦੇ ਦੋਸ਼ ਹੇਠ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਫਰੀਦਕੋਟ ਮੈਡੀਕਲ ਹਸਪਤਾਲ ਭੇਜ ਦਿੱਤਾ। ਪੀੜਤ ਪਰਿਵਾਰ ਨੇ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ।