ਪੰਜਾਬ ਦੇ ਜਿਲ੍ਹਾ ਫਿਰੋਜ਼ਪੁਰ ਵਿਚ ਇਕ ਵਿਅਕਤੀ ਨੇ ਆਪਣੀ ਧੀ, ਭਤੀਜੇ ਅਤੇ ਭਰਾ ਸਮੇਤ ਕਾਰ ਨਹਿਰ ਵਿਚ ਸੁੱਟ ਦਿੱਤੀ। ਕਈ ਘੰਟਿਆਂ ਦੇ ਬਚਾਅ ਕਾਰਜਾਂ ਤੋਂ ਬਾਅਦ ਕਾਰ ਨੂੰ ਨਹਿਰ ਵਿੱਚੋਂ ਬਾਹਰ ਕੱਢ ਲਿਆ ਗਿਆ। ਕਾਰ ਵਿਚ ਸਵਾਰ ਸਾਰੇ ਲੋਕਾਂ ਦੀ ਮੌਤ ਹੋ ਗਈ। ਵਿਅਕਤੀ ਨੇ ਮਰਨ ਤੋਂ ਪਹਿਲਾਂ ਇੱਕ ਵੀਡੀਓ ਵੀ ਬਣਾਈ ਹੈ। ਜਿਸ ਵਿਚ ਉਸ ਨੇ ਪਤਨੀ ਉਤੇ ਉਕਤ ਇਲਾਕੇ ਦੇ ਹੀ ਇਕ ਫਾਈਨਾਂਸਰ ਨਾਲ ਨਾਜਾਇਜ਼ ਸਬੰਧਾਂ ਦਾ ਦੋਸ਼ ਲਗਾਇਆ ਹੈ। ਇਸ ਦੇ ਨਾਲ ਹੀ ਉਸ ਨੇ ਇਹ ਵੀ ਕਿਹਾ ਕਿ ਉਸ ਦੀ ਸੱਸ ਅਤੇ ਸਾਲੀ ਉਸ ਦਾ ਘਰ ਨਹੀਂ ਵੱਸਣ ਦੇ ਰਹੇ।
ਫਿਰੋਜ਼ਪੁਰ ਦੇ ਮੁਹੱਲਾ ਬੁਧਵਾੜਾ ਦਾ ਰਹਿਣ ਵਾਲਾ ਜਸਵਿੰਦਰ ਸਿੰਘ ਉਮਰ 37 ਸਾਲ ਆਪਣੀ ਕਾਰ ਵਿਚ ਭਰਾ ਹਰਪ੍ਰੀਤ ਸਿੰਘ ਉਮਰ 40 ਸਾਲ ਆਪਣੀ ਬੇਟੀ ਗੁਰਲੀਨ ਕੌਰ ਅਤੇ ਭਤੀਜੇ ਅਗਮ ਦੇ ਨਾਲ ਸਵਾਰ ਹੋ ਕੇ ਜਾ ਰਿਹਾ ਸੀ। ਅਚਾਨਕ ਜਸਵਿੰਦਰ ਨੇ ਘੱਲਖੁਰਦ ਨੇੜੇ ਕਾਰ ਨੂੰ ਨਹਿਰ ਵਿੱਚ ਸੁੱਟ ਦਿੱਤਾ। ਪੁਲਸ ਨੇ ਬਚਾਅ ਮੁਹਿੰਮ ਚਲਾ ਕੇ ਸਾਰਿਆਂ ਨੂੰ ਬਾਹਰ ਕੱਢਿਆ ਪਰ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ। ਜਿਸ ਤੋਂ ਬਾਅਦ ਉਨ੍ਹਾਂ ਦੀਆਂ ਲਾਸ਼ਾਂ ਨੂੰ ਹਸਪਤਾਲ ਭੇਜ ਦਿੱਤਾ ਗਿਆ।
ਫਾਇਨਾਂਸਰ ਨਾਲ ਰਹਿਣ ਲੱਗੀ ਪਤਨੀ
ਮ੍ਰਿਤਕ ਜਸਵਿੰਦਰ ਦੇ ਭਰਾ ਨੇ ਦੱਸਿਆ ਕਿ ਉਸਦੀ ਭਰਜਾਈ ਕਾਲਾ ਸੰਧੂ ਨਾਮਕ ਫਾਇਨਾਂਸਰ ਨਾਲ ਰਹਿਣ ਲੱਗ ਪਈ ਸੀ। ਕਾਲਾ ਸੰਧੂ ਨੇ ਉਸ ਨੂੰ ਇਲਾਕੇ ਵਿੱਚ ਵੱਖਰਾ ਕਮਰਾ ਲੈ ਕੇ ਦਿੱਤਾ ਹੋਇਆ ਸੀ। ਭਾਬੀ ਦੀ ਮਾਂ ਤੇ ਭੈਣ ਵੀ ਉਸਦਾ ਸਾਥ ਦਿੰਦੀਆਂ ਸਨ। ਭਰਾ ਜਸਵਿੰਦਰ ਨੇ ਕਾਲਾ ਸੰਧੂ ਨੂੰ ਫੋਨ ਕਰਕੇ ਕਿਹਾ ਸੀ ਕਿ ਉਸ ਦੀ ਪਤਨੀ ਨੂੰ ਉਹ ਵਾਪਸ ਘਰ ਭੇਜ ਦੇਵੇ। ਉਸ ਦੇ ਬੱਚੇ ਆਪਣੀ ਮਾਂ ਤੋਂ ਬਿਨਾਂ ਅਨਾਥਾਂ ਵਰਗਾ ਜੀਵਨ ਬਤੀਤ ਕਰ ਰਹੇ ਹਨ। ਜਿਸ ਤੋਂ ਬਾਅਦ ਕਾਲਾ ਸੰਧੂ ਨੇ ਗੁੱਸੇ ‘ਚ ਆ ਕੇ ਜਸਵਿੰਦਰ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ।
ਵੀਡੀਓ ਵਿਚ ਕੀਤਾ ਦਰਦ ਬਿਆਨ
ਜਸਵਿੰਦਰ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਵੀਡੀਓ ਵੀ ਬਣਾਈ। ਜਿਸ ਵਿਚ ਉਸ ਨੇ ਕਿਹਾ ਕਿ ਅੱਜ ਮੈਂ ਆਪਣੀ ਮੰਜ਼ਿਲ ਮੌਤ ਦੇ ਨੇੜੇ ਪਹੁੰਚ ਚੁਕਿਆ ਹਾਂ। ਬੱਚੇ ਮੇਰੇ ਸੌਂ ਰਹੇ ਸਨ, ਪਰ ਹੁਣ ਉਹ ਵੀ ਜਾਗ ਚੁੱਕੇ ਹਨ। ਉਸ ਨੇ ਕਈ ਵਾਰ ਲਾਈਵ ਹੋ ਕੇ ਆਪਣਾ ਦਰਦ ਦੱਸਿਆ ਪਰ ਕਿਸੇ ਨੇ ਉਸ ਦੀ ਮਦਦ ਨਹੀਂ ਕੀਤੀ। ਕਾਰ ‘ਚ ਜਸਵਿੰਦਰ ਦੇ ਨਾਲ ਉਸਦੀ ਬੇਟੀ ਅਤੇ ਭਤੀਜਾ ਵੀ ਸਨ, ਵੀਡੀਓ ਵਿਚ ਬੱਚਿਆਂ ਨੇ ਵੀ ਕਿਹਾ ਕਿ ਹੁਣ ਉਹ ਜਿਉਣਾ ਨਹੀਂ ਚਾਹੁੰਦੇ।
ਜਸਵਿੰਦਰ ਨੇ ਕਿਹਾ ਕਿ ਕਾਲਾ ਸੰਧੂ ਨੇ ਉਸ ਦੀ ਪਤਨੀ ਨੂੰ ਮਹਿੰਗੇ ਸੂਟ ਦੀ ਆਦਤ ਪਾ ਦਿੱਤੀ। 3 ਸਾਲ ਤੋਂ ਉਹ ਕਾਲਾ ਸੰਧੂ ਨਾਲ ਸੀ। ਮੈਂ ਆਪਣੀ ਪਤਨੀ ਨੂੰ ਸੱਚਾ ਪਿਆਰ ਕਰਦਾ ਸੀ। ਸੱਸ ਅਤੇ ਸਾਲੀ ਉਸ ਨੂੰ ਨਸ਼ੇੜੀ ਕਹਿੰਦੇ ਸਨ, ਜਦਕਿ ਉਹ ਕਿਸੇ ਵੀ ਤਰ੍ਹਾਂ ਦਾ ਨਸ਼ਾ ਨਹੀਂ ਕਰਦਾ ਸੀ। ਅੱਜ ਉਸ ਨੇ ਆਪਣੀ ਪਤਨੀ ਦੇ ਦੁੱਖ ‘ਚ ਸ਼ਰਾਬ ਪੀ ਲਈ ਹੈ।
ਤੇਜ਼ ਗੱਡੀ ਚਲਾ ਕੇ ਪਹੁੰਚਿਆ ਨਦੀ ਤੱਕ
ਮੌਤ ਤੋਂ ਪਹਿਲਾਂ ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਜਸਵਿੰਦਰ ਕਾਫੀ ਤੇਜ਼ ਕਾਰ ਚਲਾ ਰਿਹਾ ਸੀ। ਬੱਚੇ ਨਾਲ ਬੈਠੇ ਸਨ ਜੋ ਕਹਿ ਰਹੇ ਸਨ ਕਿ ਪਾਪਾ, ਗੱਡੀ ਹੌਲੀ ਚਲਾਓ। ਜਸਵਿੰਦਰ ਨੇ ਕਿਹਾ ਕਿ ਮੇਰੀ ਮੌਤ ਤੋਂ ਬਾਅਦ ਮੋਮਬੱਤੀ ਮਾਰਚ ਕੱਢਿਆ ਜਾਵੇ। ਉਹ ਬੱਚਿਆਂ ਨੂੰ ਖੁਸ਼ ਕਰਨਾ ਚਾਹੁੰਦਾ ਹੈ।