ਸੋਸ਼ਲ ਮੀਡੀਆ ਦੇ ਇਸ ਦੌਰ ਵਿਚ ਇੰਸਟਾਗ੍ਰਾਮ ਕਾਫੀ ਮਸ਼ਹੂਰ ਹੋ ਰਿਹਾ ਹੈ। ਅੱਜ ਦੇ ਸਮੇਂ ‘ਚ ਦੇਸ਼ ਭਰ ਵਿਚ ਲੋਕ ਹਰ ਅਪਡੇਟ ਨੂੰ ਜਾਨਣ ਲਈ ਇੰਸਟਾਗ੍ਰਾਮ ਨੂੰ ਫਾਲੋ ਕਰਦੇ ਹਨ, ਇੰਨਾ ਹੀ ਨਹੀਂ, ਇਹ ਇਕ ਅਜਿਹਾ ਪਲੇਟਫਾਰਮ ਹੈ, ਜਿੱਥੇ ਤੁਹਾਨੂੰ ਪੋਸਟ ਅਤੇ ਵੀਡੀਓ ਪੋਸਟ ਕਰਨ ਲਈ ਪੈਸੇ ਵੀ ਮਿਲਦੇ ਹਨ, ਪਰ ਇਸ ਦੌਰਾਨ ਇਕ ਔਰਤ ਨੂੰ ਇੰਸਟਾਗ੍ਰਾਮ ਤੇ ਰੀਲ ਪੋਸਟ ਕਰਨ ਦੇ ਸ਼ੌਂਕ ਦੀ ਭਾਰੀ ਕੀਮਤ ਚੁਕਾਉਣੀ ਪਈ ਹੈ।
ਦਰਅਸਲ, ਤਾਮਿਲਨਾਡੂ ਦੇ ਤਿਰੁਪੁਰ ਜ਼ਿਲ੍ਹੇ ਵਿੱਚ ਇੱਕ ਪਤੀ ਨੇ ਆਪਣੀ ਹੀ ਪਤਨੀ ਨੂੰ ਦਰਦਨਾਕ ਮੌਤ ਦੇ ਦਿੱਤੀ ਹੈ। ਪੁਲਸ ਨੇ ਇਸ ਮਾਮਲੇ ਵਿਚ ਦੋਸ਼ੀ ਪਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਡਿੰਡੁਗਲ ਦਾ ਰਹਿਣ ਵਾਲਾ ਅੰਮ੍ਰਿਤਲਿੰਗਮ ਉਮਰ 38 ਸਾਲ ਤੇਨਮਪਾਲਿਅਮ ਸਬਜ਼ੀ ਮੰਡੀ ਵਿੱਚ ਦਿਹਾੜੀਦਾਰ ਹੈ ਅਤੇ ਉਸਦੀ ਮ੍ਰਿਤਕ ਪਤਨੀ ਚਿਤਰਾ ਇੱਕ ਕੱਪੜੇ ਦੀ ਫੈਕਟਰੀ ਵਿੱਚ ਕੰਮ ਕਰਦੀ ਸੀ।
ਦੱਸਿਆ ਗਿਆ ਕਿ ਚਿਤਰਾ ਇੰਸਟਾਗ੍ਰਾਮ ‘ਤੇ ਰੀਲਾਂ ਸ਼ੇਅਰ ਕਰਦੀ ਸੀ, ਜਿਸ ਲਈ ਉਹ ਹਰ ਦਿਨ ਵੀਡੀਓ ਬਣਾਉਂਦੀ ਰਹਿੰਦੀ ਸੀ। ਅਜਿਹੇ ‘ਚ ਅਮ੍ਰਿਤਲਿੰਗਮ ਦਾ ਚਿਤਰਾ ਨਾਲ ਕਈ ਵਾਰ ਝਗੜਾ ਹੋਇਆ ਸੀ, ਕਿਉਂਕਿ ਉਹ ਇਸ ਕੰਮ ਤੇ ਬਹੁਤ ਜ਼ਿਆਦਾ ਸਮਾਂ ਬਿਤਾਉਂਦੀ ਸੀ। ਇੰਨਾ ਹੀ ਨਹੀਂ ਚਿਤਰਾ ਦੇ ਇੰਸਟਾ ‘ਤੇ ਵੀ ਕਾਫੀ ਫਾਲੋਅਰਸ ਸਨ, ਜਿਸ ਤੋਂ ਬਾਅਦ ਉਹ ਐਕਟਿੰਗ ‘ਚ ਹੱਥ ਅਜ਼ਮਾਉਣਾ ਚਾਹੁੰਦੀ ਸੀ ਅਤੇ ਇਸ ਦੇ ਲਈ ਉਹ ਚੇਨਈ ਵੀ ਗਈ ਸੀ ਪਰ ਬੇਟੀ ਦੇ ਵਿਆਹ ਲਈ ਉਹ ਪਿਛਲੇ ਹਫਤੇ ਹੀ ਘਰ ਵਾਪਸ ਆਈ ਸੀ ਅਤੇ ਪ੍ਰੋਗਰਾਮ ਤੋਂ ਬਾਅਦ ਉਹ ਚੇਨਈ ਜਾਣ ਲਈ ਤਿਆਰ ਹੋ ਰਹੀ ਸੀ।
ਪਰ ਉਸਦੇ ਪਤੀ ਅਮ੍ਰਿਤਲਿੰਗਮ ਨੇ ਉਸਨੂੰ ਜਾਣ ਦੇਣ ਤੋਂ ਮਨ੍ਹਾ ਕਰ ਦਿੱਤਾ। ਅਜਿਹੇ ਵਿਚ ਦੋਵਾਂ ‘ਚ ਝਗੜਾ ਇੰਨਾ ਵਧ ਗਿਆ ਕਿ ਪਤੀ ਨੇ ਸ਼ਾਲ ਦੀ ਵਰਤੋਂ ਕਰਕੇ ਚਿਤਰਾ ਦਾ ਗਲਾ ਘੁੱਟ ਦਿੱਤਾ, ਜਿਵੇਂ ਹੀ ਉਹ ਬੇਹੋਸ਼ ਹੋ ਗਈ ਤਾਂ ਘਬਰਾ ਕੇ ਪਤੀ ਘਰੋਂ ਭੱਜ ਗਿਆ ਅਤੇ ਫਿਰ ਉਸ ਨੇ ਫੋਨ ਤੇ ਆਪਣੀ ਧੀ ਨੂੰ ਇਸ ਮਾਮਲੇ ਦੀ ਜਾਣਕਾਰੀ ਦਿੱਤੀ। ਜਦੋਂ ਵਿਆਹੁਤਾ ਧੀ ਸਹੁਰੇ ਘਰ ਤੋਂ ਆਪਣੇ ਪੇਕੇ ਘਰ ਪਹੁੰਚੀ ਤਾਂ ਦੇਖਿਆ ਕਿ ਮਾਂ ਘਰ ਵਿੱਚ ਮ੍ਰਿਤਕ ਪਈ ਸੀ। ਜਿਸ ਤੋਂ ਬਾਅਦ ਪੁਲਸ ਨੇ ਔਰਤ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ ਇਸ ਮਾਮਲੇ ਵਿਚ ਮਾਮਲਾ ਦਰਜ ਕਰ ਲਿਆ।