ਪੰਜਾਬ ਵਿਚ ਜਿਲ੍ਹਾ ਗੁਰਦਾਸਪੁਰ ਦੇ ਬਟਾਲਾ ਵਿਚ ਨੌਜਵਾਨ ਦੀ ਲਾਸ਼ ਫੇਜ਼ਪੁਰਾ ਰੋਡ ਨੇੜੇ ਸ਼ੈਲਰ ਦੇ ਕੋਲ ਸ਼ੱਕੀ ਹਾਲਤ ‘ਚ ਮਿਲੀ ਹੈ। ਸੂਚਨਾ ਮਿਲਦਿਆਂ ਸਾਰ ਹੀ ਡੀਐਸਪੀ ਸਿਟੀ ਲਲਿਤ ਕੁਮਾਰ, ਐਸਐਚਓ ਸਿਵਲ ਲਾਈਨ ਕੁਲਵੰਤ ਸਿੰਘ ਅਤੇ ਹੋਰ ਪੁਲੀਸ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਫਿਲਹਾਲ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਪੋਸਟਮਾਰਟਮ ਲਈ ਬਟਾਲਾ ਦੇ ਸਿਵਲ ਹਸਪਤਾਲ ਦੇ ਮੁਰਦਾਘਰ ‘ਚ ਰਖਵਾਇਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।
ਮ੍ਰਿਤਕ ਦੀ ਪਛਾਣ ਜੁਗਰਾਜ ਸਿੰਘ ਉਮਰ 31 ਸਾਲ ਪੁੱਤਰ ਸਰਵਣ ਸਿੰਘ ਵਾਸੀ ਕੋਟਲਾ ਮੱਲੀਆਂ ਅੰਮ੍ਰਿਤਸਰ ਦੇ ਰੂਪ ਵਜੋਂ ਹੋਈ ਹੈ। ਰਣਜੀਤ ਸਿੰਘ ਉਰਫ਼ ਰਾਣਾ ਨੇ ਦੱਸਿਆ ਹੈ ਕਿ ਜੁਗਰਾਜ ਉਸ ਦੀ ਮਾਸੀ ਦਾ ਲੜਕਾ ਹੈ। ਜੁਗਰਾਜ ਇੰਟਰਵਿਊ ਦੇਣ ਲਈ ਦਿੱਲੀ ਗਿਆ ਹੋਇਆ ਸੀ ਅਤੇ ਬੀਤੀ ਰਾਤ ਬਟਾਲਾ ਵਾਪਸ ਆਇਆ ਸੀ। ਉਨ੍ਹਾਂ ਦੱਸਿਆ ਕਿ ਉਹ ਡਰਾਈਵਰ ਸੀ ਜੋ ਟਰੱਕ ਚਲਾਉਂਦਾ ਸੀ।
ਪੰਜ ਭੈਣਾਂ ਦਾ ਇਕਲੌਤਾ ਭਰਾ ਸੀ
ਜੁਗਰਾਜ ਪੰਜ ਭੈਣਾਂ ਦਾ ਇਕਲੌਤਾ ਭਰਾ ਸੀ।ਉਹ ਦਿੱਲੀ ਇਸ ਲਈ ਗਿਆ ਸੀ ਕਿਉਂਕਿ ਉਸ ਨੇ ਵਿਦੇਸ਼ ਜਾਣਾ ਸੀ। ਮੰਗਲਵਾਰ ਦੀ ਰਾਤ ਨੂੰ ਉਸ ਨੂੰ ਜੁਗਰਾਜ ਦਾ ਫੋਨ ਵੀ ਆਇਆ ਅਤੇ ਉਹ ਉਸ ਨੂੰ ਘਰ ਬੁਲਾ ਰਿਹਾ ਸੀ। ਬੁੱਧਵਾਰ ਸਵੇਰੇ ਜੁਗਰਾਜ ਦੀ ਲਾਸ਼ ਬਰਾਮਦ ਹੋਣ ਦੀ ਸੂਚਨਾ ਮਿਲੀ। ਮ੍ਰਿਤਕ ਜੁਗਰਾਜ ਸ਼ਾਦੀਸ਼ੁਦਾ ਹੈ ਅਤੇ ਉਸ ਦਾ ਇੱਕ 8 ਸਾਲ ਦਾ ਬੇਟਾ ਵੀ ਹੈ। ਮ੍ਰਿਤਕ ਪੰਜ ਭੈਣਾਂ ਦਾ ਇਕਲੌਤਾ ਭਰਾ ਸੀ।
ਜਤਾਇਆ ਜਾ ਰਿਹਾ ਨਸ਼ੇ ਨਾਲ ਮੌਤ ਦਾ ਸ਼ੱਕ
ਮ੍ਰਿਤਕ ਜੁਗਰਾਜ ਸਿੰਘ ਕੋਲੋਂ ਇੱਕ ਟੀਕਾ ਮਿਲਿਆ ਹੈ, ਜਿਸ ਕਰਕੇ ਮੌਤ ਨਸ਼ੇ ਕਾਰਨ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਉਸ ਦੀ ਮੌਤ ਟੀਕਾ ਲੱਗਾਉਣ ਕਾਰਨ ਹੀ ਹੋਈ ਹੈ। ਇਸ ਦੇ ਨਾਲ ਹੀ ਲਾਸ਼ ਦੇ ਨੇੜੇ ਇਕ ਬੈਗ ਵੀ ਮਿਲਿਆ ਹੈ, ਜਿਸ ਵਿਚੋਂ ਏਅਰ ਗਨ ਬਰਾਮਦ ਹੋਈ ਹੈ।
ਪੋਸਟਮਾਰਟਮ ਤੋਂ ਬਾਅਦ ਪਤਾ ਚੱਲੇਗਾ ਮੌਤ ਦਾ ਅਸਲੀ ਕਾਰਨ
ਇਸ ਮੌਕੇ ਪਹੁੰਚੇ ਡੀ.ਐਸ.ਪੀ ਸਿਟੀ ਲਲਿਤ ਕੁਮਾਰ ਨੇ ਕਿਹਾ ਕਿ ਲਾਸ਼ ਦੇ ਨੇੜਿਓਂ ਇੱਕ ਟੀਕਾ ਅਤੇ ਏਅਰ ਗਨ ਦਾ ਬੈਗ ਬਰਾਮਦ ਹੋਇਆ ਹੈ। ਇਹ ਸਭ ਜਾਂਚ ਦਾ ਵਿਸ਼ਾ ਹੈ। ਉਨ੍ਹਾਂ ਨੂੰ ਅਜੇ ਇਸ ਬਾਰੇ ਕੁਝ ਨਹੀਂ ਪਤਾ। ਨੌਜਵਾਨ ਦੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਲੱਗੇਗਾ।