ਪੰਜਾਬ ਦੇ ਜਿਲ੍ਹਾ ਅੰਮ੍ਰਿਤਸਰ ਵਿੱਚ ਰੇਤ ਦੀ ਗੈਰ-ਕਾਨੂੰਨੀ ਮਾਈਨਿੰਗ ਨੇ ਇੱਕ ਪੂਰੇ ਪਰਿਵਾਰ ਨੂੰ ਉਜਾੜ ਦਿੱਤਾ। ਦੇਰ ਰਾਤ ਨਾਜਾਇਜ਼ ਰੇਤ ਲੈ ਕੇ ਜਾ ਰਹੇ ਇਕ ਵਾਹਨ ਨੇ ਇਕ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਜਿਸ ਵਿੱਚ ਪਤੀ-ਪਤਨੀ ਅਤੇ ਇੱਕ ਪੁੱਤਰ ਅਤੇ ਧੀ ਦੀ ਮੌਤ ਹੋ ਗਈ। ਇਸ ਘਟਨਾ ਨਾਲ ਪੂਰਾ ਪਰਿਵਾਰ ਵਿਖਰ ਗਿਆ ਹੈ। ਮ੍ਰਿਤਕ ਪਰਿਵਾਰ ਆਪਣੇ ਪਿੱਛੇ ਦੋ ਅਨਾਥ ਲੜਕੀਆਂ ਛੱਡ ਗਿਆ ਹੈ। ਘਟਨਾ ਅੰਮ੍ਰਿਤਸਰ ਦੇ ਅਜਨਾਲਾ ਅੰਦਰ ਪੈਂਦੇ ਪਿੰਡ ਸਾਰੰਗਦੇਵ ਦੀ ਹੈ।
ਇਸ ਮਾਮਲੇ ਸਬੰਧੀ ਮ੍ਰਿਤਕ ਦੇ ਭਰਾ ਕੁਲਦੀਪ ਸਿੰਘ ਨੇ ਦੱਸਿਆ ਕਿ ਉਸ ਦਾ ਵੱਡਾ ਭਰਾ ਸੁਰਜੀਤ ਸਿੰਘ ਹਲਵਾਈ ਦਾ ਕੰਮ ਕਰਦਾ ਹੈ। ਬੀਤੀ ਰਾਤ ਪਿੰਡ ਭਿੰੜੀਆਂ ਵਿੱਚ ਉਸ ਦੇ ਸਾਲੇ ਦਾ ਵਿਆਹ ਸੀ। ਵਿਆਹ ਤੋਂ ਰਾਤ ਸਮੇਂ ਉਹ, ਉਸਦੀ ਪਤਨੀ ਅਤੇ ਦੋ ਬੱਚੇ ਮੋਟਰਸਾਈਕਲ ਉਤੇ ਸਵਾਰ ਹੋ ਕੇ ਪਿੰਡ ਸਾਰੰਗਦੇਵ ਸਥਿਤ ਆਪਣੇ ਘਰ ਵੱਲ ਆ ਰਹੇ ਸਨ। ਉਸ ਦੇ ਪਿੰਡ ਵਿੱਚ ਰੇਤ ਦਾ ਨਾਜਾਇਜ਼ ਕਾਰੋਬਾਰ ਚੱਲਦਾ ਹੈ। ਰੇਤ ਲੱਦ ਕੇ ਭਾਰੀ ਵਾਹਨ ਤੇਜ਼ ਰਫ਼ਤਾਰ ਨਾਲ ਚੱਲਦੇ ਹਨ। ਬੀਤੀ ਰਾਤ ਵੀ ਰੇਤ ਨਾਲ ਭਰੀ ਬਲੈਰੋ ਗੱਡੀ ਵਾਲੇ ਨੇ ਉਸ ਦੇ ਭਰਾ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਅਤੇ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਵਿੱਚ ਸੁਰਜੀਤ ਤੋਂ ਇਲਾਵਾ ਉਸਦੀ ਪਤਨੀ ਸੰਤੋਖ ਕੌਰ, ਸੈਨੂ ਅਤੇ ਪ੍ਰੀਤ ਦੀ ਮੌਤ ਹੋ ਗਈ ਹੈ।
ਅਨਾਥ ਹੋ ਗਈਆਂ ਦੋ ਧੀਆਂ
ਕੁਲਦੀਪ ਨੇ ਦੱਸਿਆ ਕਿ ਸੁਰਜੀਤ ਦੀਆਂ ਤਿੰਨ ਧੀਆਂ ਅਤੇ ਇੱਕ ਪੁੱਤਰ ਸੀ। ਅਰਦਾਸਾਂ ਤੋਂ ਬਾਅਦ ਉਸ ਨੂੰ ਤਿੰਨ ਧੀਆਂ ਤੋਂ ਬਾਅਦ ਇੱਕ ਪੁੱਤਰ ਮਿਲਿਆ ਸੀ। ਇਸ ਘਟਨਾ ਵਿਚ ਪੁੱਤਰ ਅਤੇ ਛੋਟੀ ਧੀ ਦੀ ਵੀ ਮੌਤ ਹੋ ਗਈ। ਹੁਣ ਘਰ ਵਿੱਚ ਸਿਰਫ਼ ਦੋ ਧੀਆਂ ਕੁਲਵਿੰਦਰ ਕੌਰ 7 ਸਾਲ ਅਤੇ 9 ਸਾਲ ਦੀ ਸੁਖਵਿੰਦਰ ਕੌਰ ਹੀ ਰਹਿ ਗਈਆਂ ਹਨ। ਇਸ ਹਾਲਤ ਵਿੱਚ ਧੀਆਂ ਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਹੈ।
ਅਣਪਛਾਤੇ ਵਾਹਨ ਉਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ
ਥਾਣਾ ਅਜਨਾਲਾ ਦੀ SHO ਸੁਪਿੰਦਰ ਕੌਰ ਨੇ ਦੱਸਿਆ ਕਿ ਫਿਲਹਾਲ ਲਾਸ਼ਾਂ ਨੂੰ ਅਜਨਾਲਾ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਦਿੱਤਾ ਗਿਆ ਹੈ। ਅੱਜ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀਆਂ ਜਾਣਗੀਆਂ। ਅਣਪਛਾਤੇ ਵਾਹਨ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜੇਕਰ ਇੱਥੇ ਨਾਜਾਇਜ਼ ਮਾਈਨਿੰਗ ਹੋ ਰਹੀ ਹੈ ਤਾਂ ਇਸ ਦੀ ਵੀ ਜਾਂਚ ਪੜਤਾਲ ਕੀਤੀ ਜਾਵੇਗੀ।