ਇਹ ਖਬਰ ਪੰਜਾਬ ਦੇ ਜਿਲ੍ਹਾ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ। ਪੰਜਾਬ ਵਿਚ ਮਾਹੌਲ ਦਿਨ-ਬ-ਦਿਨ ਖਰਾਬ ਹੁੰਦਾ ਜਾ ਰਿਹਾ ਹੈ, ਹਰ ਰੋਜ਼ ਲੁੱਟ-ਖੋਹ ਅਤੇ ਖੂਨ ਖਰਾਬੇ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਲੁੱਟ ਖੋਹ ਤੋਂ ਸਹਿਮੇ ਲੋਕ ਹੁਣ ਘਰਾਂ ਤੋਂ ਬਾਹਰ ਨਿਕਲਣ ਤੋਂ ਡਰਦੇ ਹਨ। ਸੋਚਦੇ ਹਨ ਕਿ ਘਰੋਂ ਬਾਹਰ ਨਿਕਲਦੇ ਹੀ ਪਤਾ ਨਹੀਂ ਕੀ ਹੋ ਜਾਵੇਗਾ। ਅਜਿਹਾ ਹੀ ਇਕ ਮਾਮਲਾ ਅੰਮ੍ਰਿਤਸਰ ਦੇ 100 ਫੁੱਟੀ ਰੋਡ ‘ਤੇ ਦੇਖਣ ਨੂੰ ਮਿਲਿਆ ਹੈ, ਜਿੱਥੇ ਐਕਟਿਵਾ ਤੇ ਸਵਾਰ ਨੌਜਵਾਨ ਆਪਣੇ ਘਰ ਵੱਲ ਜਾ ਰਿਹਾ ਸੀ ਤਾਂ ਰਸਤੇ ਵਿਚ ਤਿੰਨ ਹਥਿਆਰਬੰਦ ਲੁਟੇਰਿਆਂ ਨੇ ਤੇਜ਼ਧਾਰ ਹਥਿਆਰਾਂ ਦੀ ਨੋਕ ਤੇ ਉਸ ਦੀ ਐਕਟਿਵਾ ਖੋਹ ਲਈ।
ਇਹ ਸਾਰੀ ਘਟਨਾ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ। ਸੀ.ਸੀ.ਟੀ.ਵੀ ਕੈਮਰੇ ਦੀ ਵੀਡੀਓ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਰਸਤੇ ‘ਚ ਖੜ੍ਹੇ ਤਿੰਨ ਲੁਟੇਰਿਆਂ ਨੇ ਐਕਟਿਵਾ ਉਤੇ ਸਵਾਰ ਵਿਅਕਤੀ ਨੂੰ ਆਉਂਦੇ ਦੇਖਿਆ ਤਾਂ ਇਕ ਲੁਟੇਰਾ ਉਸ ਦੇ ਅੱਗੇ ਖੜ੍ਹਾ ਹੋ ਜਾਂਦਾ ਹੈ ਅਤੇ ਬਾਕੀ ਦੋ ਲੁਟੇਰੇ ਐਕਟਿਵਾ ਸਵਾਰ ਦੇ ਪਿੱਛੇ ਖੜ੍ਹੇ ਹੋ ਜਾਂਦੇ ਹਨ।
ਲੁਟੇਰੇ ਐਕਟਿਵਾ ਸਵਾਰ ਨੌਜਵਾਨ ਨੂੰ ਡਰਾਉਣ ਧਮਕਾਉਣ ਲੱਗ ਜਾਂਦੇ ਹਨ ਜਿਸ ਦੇ ਚਲਦੇ ਇਕ ਹਥਿਆਰਬੰਦ ਲੁਟੇਰੇ ਨੇ ਐਕਟਿਵਾ ਸਵਾਰ ਨੌਜਵਾਨ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਵੀ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਐਕਟਿਵਾ ਸਵਾਰ ਨੌਜਵਾਨ ਨੇ ਆਪਣੀ ਜਾਨ ਬਚਾਉਂਦੇ ਹੋਏ ਆਪਣੀ ਐਕਟਿਵਾ ਉਕਤ ਲੁਟੇਰਿਆਂ ਨੂੰ ਦੇ ਦਿੱਤੀ।
ਲੁਟੇਰੇ ਨੌਜਵਾਨ ਦੀ ਐਕਟਿਵਾ ਲੈ ਕੇ ਫ਼ਰਾਰ ਹੋ ਗਏ। ਇਸ ਤੋਂ ਬਾਅਦ ਹੁਣ ਪੁਲਿਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਇਸ 100 ਫੁੱਟੀ ਰੋਡ ਤੇ ਸਥਿਤ ਇਸ ਜਗ੍ਹਾ ਉਤੇ ਕੁਝ ਲੁਟੇਰਿਆਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਪਰ ਹੁਣ ਤੱਕ ਪੁਲਸ ਨੂੰ ਉਕਤ ਲੁਟੇਰਿਆਂ ਦਾ ਕੋਈ ਸੁਰਾਗ ਨਹੀਂ ਲੱਭਿਆ।