ਪੰਜਾਬ ਦੇ ਜਿਲ੍ਹਾ ਅੰਮ੍ਰਿਤਸਰ ਦੀ ਸਭ ਤੋਂ ਵਿਅਸਤ ਸੜਕ ਉਤੇ ਵੀਰਵਾਰ ਦੇਰ ਰਾਤ ਇੱਕ ਵਾਰ ਫਿਰ ਬੰਦੂਕ ਦੀ ਨੋਕ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਲੁਟੇਰੇ ਇਕ ਫਾਰਮੇਸੀ ਸਟੋਰ ਵਿਚ ਦਾਖਲ ਹੋਏ ਅਤੇ ਬੰਦੂਕ ਦੀ ਨੋਕ ‘ਤੇ ਉਸ ਦੇ ਗੱਲੇ ਵਿਚ ਰੱਖੇ ਕਰੀਬ 35 ਹਜ਼ਾਰ ਰੁਪਏ ਲੁੱਟ ਕੇ ਲੈ ਗਏ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਪੁਲਿਸ ਨੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ। ਲੁਟੇਰੇ ਦੀ ਸ਼ਨਾਖਤ ਲਈ ਯਤਨ ਕੀਤੇ ਜਾ ਰਹੇ ਹਨ।
ਇਹ ਵਾਰਦਾਤ ਅੰਮ੍ਰਿਤਸਰ ਦੇ ਕੋਰਟ ਰੋਡ ਨਿਊ ਰਿਆਲਟੋ ਚੌਂਕ ‘ਤੇ ਸਥਿਤ ਸਰਕਟ ਹਾਊਸ ਚੌਂਕੀ ਤੋਂ ਮਹਿਜ਼ 200 ਮੀਟਰ ਦੀ ਦੂਰੀ ‘ਤੇ ਵਾਪਰੀ ਹੈ। ਦੁਕਾਨ ਦੇ ਮਾਲਕ ਮਨਿੰਦਰ ਸਿੰਘ ਔਲਖ ਨੇ ਦੱਸਿਆ ਹੈ ਕਿ ਲੁੱਟ ਦੀ ਇਹ ਵਾਰਦਾਤ ਵੀਰਵਾਰ ਰਾਤ ਕਰੀਬ ਸਾਢੇ ਨੌਂ ਵਜੇ ਹੋਈ ਹੈ। ਦੁਕਾਨ ‘ਤੇ ਦੋ ਲੜਕੇ ਕੰਮ ਕਰ ਰਹੇ ਸਨ। ਓਦੋਂ ਹੀ ਇੱਕ ਦਸਤਾਰਧਾਰੀ ਨੌਜਵਾਨ ਫੋਨ ਸੁਣਦਾ ਦੁਕਾਨ ਅੰਦਰ ਆਇਆ ਅਤੇ ਉਹ ਕਰੀਬ ਡੇਢ ਮਿੰਟ ਤੱਕ ਫੋਨ ਸੁਣਦਾ ਰਿਹਾ। ਦੁਕਾਨ ਖਾਲੀ ਹੁੰਦੇ ਹੀ ਉਹ ਕਾਊਂਟਰ ਤੋਂ ਅੰਦਰ ਆ ਗਿਆ। ਮੁੰਡਿਆਂ ਨੇ ਉਸ ਨੂੰ ਅੱਗੇ ਆਉਣ ਤੋਂ ਰੋਕ ਦਿੱਤਾ। ਉਦੋਂ ਹੀ ਉਸ ਨੇ ਪਿਸਤੌਲ ਕੱਢ ਕੇ ਦੋਵਾਂ ਲੜਕਿਆਂ ਨੂੰ ਸਿਰ ‘ਤੇ ਹੱਥ ਰੱਖ ਕੇ ਚੁੱਪਚਾਪ ਖੜ੍ਹੇ ਹੋਣ ਲਈ ਕਿਹਾ।
ਖੁਦ ਕੱਢੇ ਗੱਲੇ ਚੋਂ ਪੈਸੇ
ਦੋਸ਼ੀ ਨੌਜਵਾਨ ਨੇ ਮੁੰਡਿਆਂ ਨੂੰ ਚੁੱਪ ਕਰਕੇ ਹੇਠਾਂ ਬੈਠਣ ਲਈ ਕਿਹਾ ਖੁਦ ਹੀ ਗਲੇ ‘ਚੋਂ ਪੈਸੇ ਕੱਢਵਾ ਲਏ ਅਤੇ ਲੜਕਿਆਂ ਨੂੰ ਚੁੱਪਚਾਪ ਬੈਠਣ ਲਈ ਕਿਹਾ। ਦੋਸ਼ੀ ਨੇ ਖੁਦ ਗੱਲਾ ਖੋਲ੍ਹ ਕੇ ਉਸ ਵਿਚ ਰੱਖੀ ਨਕਦੀ ਕੱਢ ਕੇ ਜੇਬਾਂ ਵਿਚ ਪਾ ਲਈ। ਫਿਰ ਇੱਕ ਗਾਹਕ ਦੁਕਾਨ ‘ਤੇ ਆਇਆ ਅਤੇ ਇਹ ਦੇਖ ਕੇ ਦੋਸ਼ੀ ਦੁਕਾਨ ਤੋਂ ਖਿਸਕ ਗਿਆ।
ਪੁਲਿਸ ਨੇ ਜਾਂਚ ਕੀਤੀ ਸ਼ੁਰੂ
ਇਸ ਦੌਰਾਨ ਏ.ਸੀ.ਪੀ ਵਰਿੰਦਰ ਸਿੰਘ ਖੋਸਾ ਮੌਕੇ ਉਤੇ ਪਹੁੰਚ ਗਏ। ਉਨ੍ਹਾਂ ਨੇ ਦੁਕਾਨ ’ਤੇ ਮੌਜੂਦ ਦੋਵਾਂ ਨੌਜਵਾਨਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਸੀ.ਸੀ.ਟੀ.ਵੀ. ਫੁਟੇਜ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ। ਇਸ ਮਾਮਲੇ ਦੀ ਟੈਕਨੀਕਲ ਜਾਂਚ ਕੀਤੀ ਜਾਵੇਗੀ। ਜਲਦ ਹੀ ਦੋਸ਼ੀ ਫੜੇ ਜਾਣਗੇ।