ਪੰਜਾਬ ਵਿਚ ਜਿਲ੍ਹਾ ਲੁਧਿਆਣਾ ਦੇ ਮਾਛੀਵਾੜਾ ਦੇ ਪਿੰਡ ਭੋਰਲਾ ਵਿੱਚ ਇੱਕ ਨੌਜਵਾਨ ਨੇ ਆਪਣੇ ਪਿਤਾ ਵੱਲੋਂ ਝਿੜਕਾਂ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ ਹੈ। ਜਗਤਾਰ ਸਿੰਘ ਉਰਫ ਜੱਗੀ ਨੂੰ ਮਿਊਜ਼ਿਕ ਸਿਸਟਮ ਖਰਾਬ ਹੋਣ ਤੋਂ ਬਾਅਦ ਉਸਦੇ ਪਿਤਾ ਨੇ ਥੱਪੜ ਮਾਰ ਦਿੱਤਾ। ਇਸ ਤੋਂ ਬਾਅਦ ਉਸ ਨੇ ਘਰ ਵਿਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਪੋਸਟਮਾਰਟਮ ਤੋਂ ਬਾਅਦ ਜਗਤਾਰ ਸਿੰਘ ਦੀ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।
ਗ੍ਰਿਲ ਨਾਲ ਲਿਆ ਫਾਹਾ
ਪਿੰਡ ਭੋਰਲਾ ਵਾਸੀ ਜੱਗੀ ਦੀ ਪੁੱਤਰੀ ਜਸ਼ਨਪ੍ਰੀਤ ਕੌਰ ਨੇ ਦੱਸਿਆ ਕਿ ਉਸ ਦਾ ਦਾਦਾ ਹਰਨੇਕ ਸਿੰਘ ਘਰ ਵਿਚ ਇਕ ਮਿਊਜ਼ਿਕ ਸਿਸਟਮ ਲੈ ਕੇ ਆਇਆ ਸੀ। ਬੀਤੀ ਰਾਤ ਕਿਸੇ ਕਾਰਨ ਮਿਊਜ਼ਿਕ ਸਿਸਟਮ ਖਰਾਬ ਹੋ ਗਿਆ। ਦਾਦਾ ਹਰਨੇਕ ਸਿੰਘ ਨੇ ਉਸ ਦੇ ਪਿਤਾ ਜਗਤਾਰ ਸਿੰਘ ਨੂੰ ਥੱਪੜ ਮਾਰਿਆ। ਪਰਿਵਾਰ ਦੇ ਸਾਹਮਣੇ ਬੇਇੱਜ਼ਤੀ ਮਹਿਸੂਸ ਕਰਦੇ ਹੋਏ ਪਿਤਾ ਨੇ ਕਮਰੇ ਦੀ ਖਿੜਕੀ ਦੀ ਗਰਿੱਲ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਜਗਤਾਰ ਸਿੰਘ ਜੱਗੀ ਦੀ ਪਤਨੀ ਵਿਦੇਸ਼ ਵਿੱਚ ਰਹਿੰਦੀ ਹੈ।
ਦਾਦਾ ਯੂਪੀ ਵਿੱਚ ਕਰਦਾ ਖੇਤੀਬਾੜੀ
ਜਸ਼ਨਪ੍ਰੀਤ ਕੌਰ ਨੇ ਪੁਲਿਸ ਨੂੰ ਦੱਸਿਆ ਕਿ ਉਸਦਾ ਦਾਦਾ ਹਰਨੇਕ ਸਿੰਘ ਯੂਪੀ ਵਿੱਚ ਖੇਤੀਬਾੜੀ ਕਰਦਾ ਹੈ। ਕੁਝ ਦਿਨਾਂ ਤੋਂ ਉਹ ਉਨ੍ਹਾਂ ਕੋਲ ਆ ਕੇ ਰਹਿ ਰਿਹਾ ਸੀ। ਦਾਦਾ ਜੀ ਅਕਸਰ ਉਸ ਦੇ ਪਿਤਾ ਜਗਤਾਰ ਸਿੰਘ ਨਾਲ ਲੜਦੇ ਰਹਿੰਦੇ ਸਨ। ਬੀਤੀ ਰਾਤ ਵੀ ਦਾਦਾ ਸ਼ਰਾਬ ਦੇ ਨਸ਼ੇ ਵਿਚ ਸੀ। ਮਿਊਜ਼ਿਕ ਸਿਸਟਮ ਵਿੱਚ ਕਿਸੇ ਸਮੱਸਿਆ ਕਾਰਨ ਉਸ ਨੇ ਪਿਤਾ ਜਗਤਾਰ ਨੂੰ ਗਾਲ੍ਹਾਂ ਕੱਢੀਆਂ। ਫਿਰ ਸਭ ਦੇ ਸਾਹਮਣੇ ਉਸਨੂੰ ਥੱਪੜ ਮਾਰ ਕੇ ਉਸਦੇ ਆਤਮ ਸਨਮਾਨ ਨੂੰ ਠੇਸ ਪਹੁੰਚਾਈ। ਇਸ ਤੋਂ ਬਾਅਦ ਪਿਤਾ ਨੇ ਫਾਹਾ ਲਗਾ ਲਿਆ।
ਦਾਦੇ ਨੇ ਕਿਹਾ- ਕੋਈ ਪੁੱਛੇ ਤਾਂ ਕਹਿਣਾ ਅਟੈਕ ਆਇਆ
ਜਸ਼ਨਪ੍ਰੀਤ ਕੌਰ ਨੇ ਦੱਸਿਆ ਕਿ ਜਦੋਂ ਸਵੇਰੇ ਕਮਰੇ ਵਿੱਚ ਜਾ ਕੇ ਦੇਖਿਆ ਤਾਂ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਆਪਣੇ ਪਿਤਾ ਦੀ ਲਾਸ਼ ਲਟਕਦੀ ਦੇਖ ਕੇ ਉਸ ਨੇ ਰੌਲਾ ਪਾਇਆ। ਜਸ਼ਨਪ੍ਰੀਤ ਕੌਰ ਨੇ ਦੱਸਿਆ ਕਿ ਜਦੋਂ ਉਸ ਦੇ ਦਾਦਾ ਹਰਨੇਕ ਸਿੰਘ ਨੇ ਉਸ ਦੇ ਪਿਤਾ ਜਗਤਾਰ ਨੂੰ ਥੱਪੜ ਮਾਰਿਆ ਤਾਂ ਉਸ ਨੇ ਕਿਹਾ ਕਿ ਅਜਿਹੀ ਜ਼ਿੰਦਗੀ ਜਿਉਣ ਨਾਲੋਂ ਮਰਨਾ ਚੰਗਾ ਹੈ।
ਜਸ਼ਨਪ੍ਰੀਤ ਨੇ ਮਾਂ ਨੂੰ ਦੱਸੀ ਸਾਰੀ ਗੱਲ
ਜਸ਼ਨਪ੍ਰੀਤ ਨੇ ਦੱਸਿਆ ਕਿ ਜਦੋਂ ਮਾਂ ਦਾ ਫੋਨ ਆਇਆ ਤਾਂ ਉਸ ਨੇ ਸਾਰੀ ਗੱਲ ਉਸ ਨੂੰ ਦੱਸੀ। ਜਸ਼ਨਪ੍ਰੀਤ ਨੇ ਕਿਹਾ ਕਿ ਦਾਦਾ ਹਰਨੇਕ ਨੇ ਉਨ੍ਹਾਂ ਨੂੰ ਕਿਹਾ ਕਿ ਕੋਈ ਪੁੱਛੇ ਤਾਂ ਇਹੀ ਕਹਿਣਾ ਕਿ ਪਿਤਾ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਪੁਲੀਸ ਨੇ ਜਸ਼ਨਪ੍ਰੀਤ ਕੌਰ ਦੇ ਬਿਆਨਾਂ ਉਤੇ ਦਾਦਾ ਹਰਨੇਕ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।