ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਬਟਾਲਾ ਦੇ ਅੰਮ੍ਰਿਤਸਰ/ਪਠਾਨਕੋਟ ਹਾਈਵੇ ‘ਤੇ ਪਿੰਡ ਪਾਖਰਪੁਰਾ ਨੇੜੇ ਤੇਜ਼ ਰਫਤਾਰ ਕਾਰ ਨੇ ਸਕੂਟਰੀ ਸਵਾਰ ਮਾਂ-ਧੀ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਜਿਸ ਵਿਚ ਸਕੂਟਰੀ ਸਵਾਰ ਔਰਤ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਉਸ ਦੀ ਬੇਟੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ। ਹਾਦਸੇ ਤੋਂ ਬਾਅਦ ਜੈਂਤੀਪੁਰ ਚੌਕੀ ਦੀ ਪੁਲਸ ਮੌਕੇ ‘ਤੇ ਪਹੁੰਚ ਗਈ, ਜਿਸ ਨੇ ਜ਼ਖਮੀ ਲੜਕੀ ਨੂੰ ਐਂਬੂਲੈਂਸ ਦੀ ਮਦਦ ਨਾਲ ਇਲਾਜ ਅਧੀਨ ਸਿਵਲ ਹਸਪਤਾਲ ਬਟਾਲਾ ਵਿਖੇ ਦਾਖਲ ਕਰਵਾਇਆ। ਇਸ ਹਾਦਸੇ ਵਿਚ ਜਾਨ ਗਵਾਉਣ ਵਾਲੀ ਔਰਤ ਦੀ ਪਹਿਚਾਣ ਕੁਲਵਿੰਦਰ ਕੌਰ ਉਮਰ 38 ਸਾਲ ਪਤਨੀ ਸਵ. ਸੁਖਦੇਵ ਸਿੰਘ ਵਾਸੀ ਸਿੰਬਲ ਚੌਕ ਬਟਾਲਾ ਅਤੇ ਜ਼ਖ਼ਮੀ ਲੜਕੀ ਦੀ ਪਛਾਣ ਸਿਮਰਨਦੀਪ ਕੌਰ ਵਜੋਂ ਹੋਈ ਹੈ। ਕੁਲਵਿੰਦਰ ਕੌਰ ਬਟਾਲਾ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਅਧਿਆਪਕ ਸੀ।
ਸੋਮਵਾਰ ਸ਼ਾਮ ਨੂੰ ਉਹ ਆਪਣੀ ਲੜਕੀ ਸਿਮਰਨਦੀਪ ਨਾਲ ਸਕੂਟਰੀ ‘ਤੇ ਅੰਮ੍ਰਿਤਸਰ ਤੋਂ ਬਟਾਲਾ ਵੱਲ ਆ ਰਹੀ ਸੀ। ਜਦੋਂ ਉਹ ਪਿੰਡ ਪਾਖਰਪੁਰਾ ਨੇੜੇ ਹਾਈਵੇਅ ’ਤੇ ਪਹੁੰਚੀ ਤਾਂ ਪਿੱਛੇ ਤੋਂ ਆ ਰਹੀ ਤੇਜ਼ ਰਫ਼ਤਾਰ ਕਾਰ ਨੇ ਉਸ ਦੀ ਸਕੂਟਰੀ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਅਚਾਨਕ ਝਟਕਾ ਲੱਗਣ ਕਾਰਨ ਸਕੂਟਰੀ ਸਮੇਤ ਕੁਲਵਿੰਦਰ ਕੌਰ ਅਤੇ ਸਿਮਰਨਦੀਪ ਕੌਰ ਸੜਕ ‘ਤੇ ਡਿੱਗ ਪਈਆਂ।
ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਕੁਲਵਿੰਦਰ ਕੌਰ ਦੀ ਮੌਕੇ ਉਤੇ ਹੀ ਮੌਤ ਹੋ ਗਈ ਅਤੇ ਉਸ ਦੀ ਬੇਟੀ ਸਿਮਰਨਦੀਪ ਕੌਰ ਗੰਭੀਰ ਰੂਪ ‘ਚ ਜ਼ਖਮੀ ਹੋ ਗਈ। ਉਸ ਨੂੰ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਕੁਲਵਿੰਦਰ ਕੌਰ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ ਗਿਆ ਹੈ। ਸਿਵਲ ਹਸਪਤਾਲ ਪੁੱਜੇ ਕੁਲਵਿੰਦਰ ਕੌਰ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਕੁਲਵਿੰਦਰ ਕੌਰ ਦਾ ਪਤੀ ਪਹਿਲਾਂ ਹੀ ਇਸ ਦੁਨੀਆਂ ਵਿੱਚ ਨਹੀਂ ਰਿਹਾ।
ਕਾਰ ਡਰਾਈਵਰ ਦੀ ਪਛਾਣ ਲਈ ਸੀਸੀਟੀਵੀ ਫੁਟੇਜ ਦੀ ਜਾਂਚ
ਜਾਂਚ ਅਧਿਕਾਰੀ ਏਐਸਆਈ ਜਸਵੀਰ ਸਿੰਘ ਨੇ ਦੱਸਿਆ ਹੈ ਕਿ ਸਕੂਟਰੀ ਨੂੰ ਟੱਕਰ ਮਾਰਨ ਵਾਲਾ ਕਾਰ ਡਰਾਈਵਰ ਆਪਣੀ ਕਾਰ ਸਮੇਤ ਮੌਕੇ ਤੋਂ ਫਰਾਰ ਹੋ ਗਿਆ ਹੈ। ਆਸਪਾਸ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਮ੍ਰਿਤਕ ਕੁਲਵਿੰਦਰ ਕੌਰ ਦੇ ਪਰਿਵਾਰ ਦੇ ਬਿਆਨ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।