ਪਿਆਰ ਦਾ ਖੌਫਨਾਕ ਅੰਤ, ਘਰੋ ਗਹਿਣੇ ਪੈਸੇ ਚੱਕ ਭੱਜੀ ਪ੍ਰੇਮਿਕਾ, ਪ੍ਰੇਮੀ ਨੇ ਕੀਤੀ ਖਤਮ, ਗੁਨਾਹ ਛੁਪਾਉਣ ਦੀ ਇਸ ਤਰ੍ਹਾਂ ਕੀਤੀ ਕੋਸ਼ਿਸ਼

Punjab

ਪੰਜਾਬ ਦੇ ਜਿਲ੍ਹਾ ਲੁਧਿਆਣਾ ‘ਚ 24 ਸਾਲਾ ਲੜਕੀ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਕਤਲ ਦੀ ਘਟਨਾ ਪਿੱਛੇ ਲੜਕੀ ਦੇ ਪ੍ਰੇਮੀ ਅਤੇ ਪ੍ਰੇਮੀ ਦੇ ਭਰਾ ਅਤੇ ਦੋਸਤਾਂ ਦਾ ਹੱਥ ਦੱਸਿਆ ਜਾ ਰਿਹਾ ਹੈ। ਲੜਕੀ ਦਾ ਕਤਲ ਕਰਨ ਤੋਂ ਬਾਅਦ ਪਹਿਲਾਂ ਲਾਸ਼ ਨੂੰ ਨਹਿਰ ‘ਚ ਸੁੱਟ ਦਿੱਤਾ ਗਿਆ। ਫਿਰ ਉਥੋਂ ਕੱਢ ਕੇ ਸਾੜਨ ਦੀ ਕੋਸ਼ਿਸ਼ ਕੀਤੀ। ਜਦੋਂ ਲਾਸ਼ ਨਾ ਸੜੀ ਤਾਂ ਉਨ੍ਹਾਂ ਨੇ ਜੇਸੀਬੀ ਬੁਲਾ ਕੇ ਉਸ ਨੂੰ ਦਫ਼ਨਾ ਦਿੱਤਾ ਅਤੇ ਬਾਅਦ ਵਿੱਚ ਉੱਥੇ ਬੂਟੇ ਲਗਾ ਦਿੱਤੇ।

ਮ੍ਰਿਤਕ ਲੜਕੀ ਦੀ ਪੁਰਾਣੀ ਤਸਵੀਰ

ਇਸ ਮਾਮਲੇ ਵਿਚ ਪੁਲਿਸ ਨੇ ਜਸਪਿੰਦਰ ਕੌਰ ਦੇ ਭਰਾ ਸ਼ਮਿੰਦਰ ਸਿੰਘ ਪੁੱਤਰ ਕਮਲਜੀਤ ਸਿੰਘ ਦੇ ਬਿਆਨਾਂ ’ਤੇ ਕੇਸ ਦਰਜ ਕਰ ਲਿਆ ਹੈ। ਸ਼ਿਕਾਇਤ ਵਿੱਚ ਸਮਿੰਦਰ ਸਿੰਘ ਨੇ ਦੱਸਿਆ ਕਿ 24 ਨਵੰਬਰ ਨੂੰ ਉਸ ਦੇ ਪਿਤਾ ਖੇਤ ਗਏ ਹੋਏ ਸਨ ਅਤੇ ਉਸ ਦੀ ਮਾਤਾ ਸਕੂਲ ਵਿੱਚ ਪੜ੍ਹਾਉਣ ਗਈ ਹੋਈ ਸੀ। ਇਸ ਦੌਰਾਨ ਜਸਪਿੰਦਰ ਕੌਰ ਘਰੋਂ 12 ਤੋਲੇ ਸੋਨਾ ਅਤੇ 20 ਹਜ਼ਾਰ ਰੁਪਏ ਲੈ ਕੇ ਪਰਮਪ੍ਰੀਤ ਸਿੰਘ ਪਰਮ ਦੇ ਨਾਲ ਚਲੀ ਗਈ। ਪੁਲੀਸ ’ਤੇ ਵੀ ਮਾਮਲੇ ਨੂੰ ਗੰਭੀਰਤਾ ਨਾਲ ਨਾ ਲੈਣ ਦਾ ਅਰੋਪ ਹੈ। 5 ਦਸੰਬਰ ਸੋਮਵਾਰ ਨੂੰ ਪਰਮ ਅਤੇ ਭਾਵਨਾ ਦੇ ਪਿਤਾ ਹਰਪਿੰਦਰ ਸਿੰਘ ਨੇ ਖੁਦ ਜਸਪਿੰਦਰ ਕੌਰ ਦੇ ਪਰਿਵਾਰ ਵਾਲਿਆਂ ਨੂੰ ਦੱਸਿਆ ਕਿ ਉਨ੍ਹਾਂ ਦੀ ਬੇਟੀ ਦਾ ਕਤਲ ਹੋ ਗਿਆ ਹੈ।

ਜਾਣਕਾਰੀ ਅਨੁਸਾਰ 24 ਸਾਲਾ ਜਸਪਿੰਦਰ ਕੌਰ 24 ਨਵੰਬਰ ਨੂੰ ਘਰੋਂ 12 ਤੋਲੇ ਸੋਨਾ ਅਤੇ 20 ਹਜ਼ਾਰ ਰੁਪਏ ਲੈ ਕੇ ਗਈ ਸੀ। ਉਸ ਤੋਂ ਬਾਅਦ ਲੜਕੀ ਦਾ ਕਤਲ ਕਰ ਕੇ ਉਸ ਦੇ ਪ੍ਰੇਮੀ ਪਰਮਪ੍ਰੀਤ ਸਿੰਘ ਪਰਮ ਵਾਸੀ ਪਿੰਡ ਸੁਧਾਰ, ਉਸ ਦੇ ਭਰਾ ਭਵਨਪ੍ਰੀਤ ਸਿੰਘ ਉਰਫ਼ ਭਾਵਨਾ ਅਤੇ ਹੋਰ ਦੋਸਤਾਂ ਨੇ ਮਿਲ ਕੇ ਉਸ ਨੂੰ ਸੁਧਾਰ ਬੋਪਾਰਾਏ ਲਿੰਕ ਰੋਡ ’ਤੇ ਸਥਿਤ ਆਪਣੇ ਘੋੜੇ ਦੇ ਤਬੇਲੇ ਵਿੱਚ ਦਫ਼ਨਾ ਦਿੱਤਾ। ਮ੍ਰਿਤਕ ਦੇਹ ਨੂੰ ਦਫ਼ਨਾਉਣ ਤੋਂ ਪਹਿਲਾਂ ਨਹਿਰ ਵਿੱਚ ਸੁੱਟ ਦਿੱਤਾ ਗਿਆ, ਫਿਰ ਉਸ ਨੂੰ ਬਾਹਰ ਕੱਢ ਕੇ ਸਾੜਨ ਦੀ ਕੋਸ਼ਿਸ਼ ਕੀਤੀ ਗਈ। ਖੇਤਾਂ ਵਿੱਚ ਪਰਾਲੀ ਨਾਲ ਅੱਗ ਲਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਲਾਸ਼ ਨੂੰ ਅੱਗ ਨਾ ਲਗਾਈ ਜਾ ਸਕੀ।

ਇਸ ਤੋਂ ਬਾਅਦ ਦੋਸ਼ੀਆਂ ਨੇ ਜੇਸੀਬੀ ਮਸ਼ੀਨ ਚਾਲਕ ਨੂੰ ਬੁਲਾ ਕੇ ਕਿਹਾ ਕਿ ਮੇਰਾ ਇੱਕ ਘੋੜਾ ਮਰ ਗਿਆ ਹੈ, ਇਸ ਨੂੰ ਦਫ਼ਨਾਉਣਾ ਹੈ। ਜੇਸੀਬੀ ਤੋਂ ਆਪਣੇ ਸਟੱਡ ਫਾਰਮ ਵਿੱਚ 6 ਫੁੱਟ ਤੋਂ ਵੱਧ ਡੂੰਘਾ ਟੋਆ ਪੁੱਟਣ ਤੋਂ ਬਾਅਦ ਜੇਸੀਬੀ ਨੂੰ ਭੇਜ ਦਿੱਤਾ ਗਿਆ। ਦੋਸ਼ੀਆਂ ਨੇ ਬਾਅਦ ਵਿੱਚ ਅੱਧੀ ਸੜੀ ਹੋਈ ਲਾਸ਼ ਨੂੰ ਉਸ ਟੋਏ ਵਿੱਚ ਦੱਬ ਦਿੱਤਾ।

ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਲਾਸ਼ ਨੂੰ ਦਫ਼ਨਾਉਣ ਵਾਲੀ ਥਾਂ ‘ਤੇ ਰਾਤ ਤੋਂ ਹੀ ਪੁਲਿਸ ਕਰਮੀ ਡਿਊਟੀ ਦੇ ਰਹੇ ਹਨ। ਲੁਧਿਆਣਾ ਤੋਂ ਡਿਊਟੀ ਮੈਜਿਸਟਰੇਟ ਐਸਐਸਪੀ ਦਿਹਾਤੀ ਹਰਜੀਤ ਸਿੰਘ ਦੇ ਆਉਣ ਤੋਂ ਬਾਅਦ ਲਾਸ਼ ਨੂੰ ਬਾਹਰ ਕੱਢਿਆ ਜਾਵੇਗਾ। ਇਸ ਘਟਨਾ ਦੀ ਪੁਸ਼ਟੀ ਕਰਦਿਆਂ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐਸ.ਐਸ.ਪੀ ਹਰਜੀਤ ਸਿੰਘ ਨੇ ਦੱਸਿਆ ਕਿ ਜਸਪਿੰਦਰ ਕੌਰ ਦੇ ਕਤਲ ਵਿੱਚ ਦੋ ਸਕੇ ਭਰਾਵਾਂ ਪਰਮਪ੍ਰੀਤ ਸਿੰਘ ਉਰਫ਼ ਪਰਮ ਅਤੇ ਭਵਨਪ੍ਰੀਤ ਸਿੰਘ ਉਰਫ਼ ਭਵਨਾ ਪਿੰਡ ਸੁਧਾਰ, ਏਕਮਪ੍ਰੀਤ ਸਿੰਘ ਪੁੱਤਰ ਮਨਜਿੰਦਰ ਸਿੰਘ ਵਾਸੀ ਪਿੰਡ ਘੁਮਾਣ ਅਤੇ ਹਰਪ੍ਰੀਤ ਸਿੰਘ ਪਿੰਡ ਮਨਸੂਰਾ ਦੇ ਨਾਮਜ਼ਦ ਕਰਕੇ ਏਕਮਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਸੋਮਵਾਰ ਨੂੰ ਇਸ ਮਾਮਲੇ ਵਿੱਚ ਧਾਰਾ 346 ਅਤੇ 120ਬੀ ਤਹਿਤ ਕੇਸ ਦਰਜ ਕੀਤਾ ਗਿਆ ਸੀ ਪਰ ਜਸਪਿੰਦਰ ਕੌਰ ਦੇ ਕਤਲ ਦਾ ਸੱਚ ਸਾਹਮਣੇ ਆਉਣ ਤੋਂ ਬਾਅਦ ਇਸ ਵਿੱਚ ਧਾਰਾ 302 ਜੋੜ ਦਿੱਤੀ ਗਈ ਹੈ।

ਇਲਜ਼ਾਮ- ਪੁਲਿਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ

24 ਨਵੰਬਰ ਨੂੰ ਜਸਪਿੰਦਰ ਕੌਰ ਦੇ ਘਰੋਂ ਭੱਜਣ ਤੋਂ ਬਾਅਦ ਉਸਦੇ ਪਰਿਵਾਰਕ ਮੈਂਬਰ ਰਸੂਲਪੁਰ ਨਾਲ ਸਬੰਧਤ ਥਾਣਾ ਹਠੂਰ ਵਿਖੇ ਜਾ ਕੇ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਸ਼ਿਕਾਇਤ ਦਰਜ ਕਰਵਾਉਣ ਦੀ ਫਰਿਆਦ ਕੀਤੀ ਸੀ, ਪਰ ਦੋਸ਼ ਹੈ ਕਿ ਥਾਣਾ ਹਠੂਰ ਦੀ ਪੁਲਿਸ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ, ਉਲਟਾ ਉਨ੍ਹਾਂ ਨੇ ਪੀੜਤ ਪਰਿਵਾਰ ਨੂੰ ਥਾਣੇ ਤੋਂ ਭਜਾ ਦਿੱਤਾ। ਪੁਲਿਸ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ, ਉਲਟਾ ਉਹ ਪੀੜਤ ਪਰਿਵਾਰ ਤੋਂ ਪੁੱਛਗਿੱਛ ਕਰਦੀ ਰਹੀ ਕਿ ਇੰਨਾ ਸੋਨਾ ਅਤੇ ਪੈਸਾ ਕਿੱਥੋਂ ਆਇਆ। ਪੀੜਤ ਪਰਿਵਾਰ ਸਿਆਸਤਦਾਨਾਂ ਅਤੇ ਅਫਸਰਾਂ ਦੇ ਦਰ-ਦਰ ਫਿਰਦਾ ਰਿਹਾ।

ਸੋਮਵਾਰ 5 ਦਸੰਬਰ ਨੂੰ ਪਰਮ ਅਤੇ ਭਵਨਾ ਦੇ ਪਿਤਾ ਹਰਪਿੰਦਰ ਸਿੰਘ ਨੇ ਖੁਦ ਜਸਪਿੰਦਰ ਕੌਰ ਦੇ ਪਰਿਵਾਰ ਨੂੰ ਸੂਚਿਤ ਕੀਤਾ ਕਿ ਉਨ੍ਹਾਂ ਦੀ ਬੇਟੀ ਦਾ ਕਤਲ ਕਰ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਪੀੜਤ ਪਰਿਵਾਰ ਦੁਬਾਰਾ ਹਠੂਰ ਥਾਣੇ ਪਹੁੰਚਿਆ ਅਤੇ ਸਾਰੀ ਜਾਣਕਾਰੀ ਦਿੱਤੀ। ਕਤਲ ਦੀ ਸੂਚਨਾ ਮਿਲਦੇ ਹੀ ਹਠੂਰ ਪੁਲੀਸ ਅਤੇ ਥਾਣਾ ਇੰਚਾਰਜ ਜਗਜੀਤ ਸਿੰਘ ਨੇ ਆਪਣੇ ਆਪ ਨੂੰ ਬਚਾਉਣ ਲਈ ਧਾਰਾ 346 ਅਤੇ 120ਬੀ ਤਹਿਤ ਕੇਸ ਦਰਜ ਕਰ ਲਿਆ ਅਤੇ ਬਾਅਦ ਵਿੱਚ ਹਠੂਰ ਪੁਲਿਸ ਨੇ ਧਾਰਾ ਵਧਾ ਕੇ 302 ਜੋੜ ਦਿੱਤੀ।

Leave a Reply

Your email address will not be published. Required fields are marked *