ਪੰਜਾਬ ਵਿਚ ਜਿਲ੍ਹਾ ਪਟਿਆਲਾ ਦੇ ਪੁਰਾਣੇ ਬਿਸ਼ਨ ਨਗਰ ਇਲਾਕੇ ਦੀ ਗਲੀ ਨੰਬਰ ਸੱਤ ਵਿੱਚ ਸ਼ੁੱਕਰਵਾਰ ਤੜਕੇ ਇੱਕ ਮਕਾਨ ਦੀ ਛੱਤ ਡਿੱਗਣ ਨਾਲ ਇੱਕ ਨੌਜਵਾਨ ਦੀ ਮਲਬੇ ਹੇਠ ਦੱਬ ਜਾਣ ਕਰਕੇ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 23 ਸਾਲਾ ਰਾਜਬੀਰ ਸਿੰਘ ਦੇ ਰੂਪ ਵਜੋਂ ਹੋਈ ਹੈ। ਮ੍ਰਿਤਕ ਨੌਜਵਾਨ ਡਰਾਈਵਰੀ ਦਾ ਕੰਮ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਿਹਾ ਸੀ। ਇਸ ਹਾਦਸੇ ਸਬੰਧੀ ਉਸ ਦੇ ਗੁਆਂਢੀ ਸ਼ਵਿੰਜਰ ਧਨਜੇ ਨੇ ਦੱਸਿਆ ਕਿ ਤੜਕੇ ਕਰੀਬ 4.30 ਵਜੇ ਅਚਾਨਕ ਉਨ੍ਹਾਂ ਨੂੰ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ।
ਜਿਵੇਂ ਕੋਈ ਕੰਧ ਜਾਂ ਛੱਤ ਡਿੱਗ ਗਈ ਹੋਵੇ। ਜਦੋਂ ਉਹ ਬਾਹਰ ਆਇਆ ਤਾਂ ਦੇਖਿਆ ਕਿ ਨੇੜਲੇ ਘਰ ਦੀ ਛੱਤ ਡਿੱਗੀ ਹੋਈ ਸੀ। ਇਸ ਦੌਰਾਨ ਆਵਾਜ਼ ਸੁਣ ਕੇ ਆਸਪਾਸ ਦੇ ਹੋਰ ਲੋਕ ਵੀ ਆਪਣੇ ਘਰਾਂ ਤੋਂ ਬਾਹਰ ਆ ਗਏ। ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ। ਮੌਕੇ ਉਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਨੇ ਲੋਕਾਂ ਦੀ ਮਦਦ ਨਾਲ ਮਲਬੇ ਹੇਠ ਦੱਬੇ ਨੌਜਵਾਨ ਨੂੰ ਬਾਹਰ ਕੱਢ ਕੇ ਸਰਕਾਰੀ ਰਾਜਿੰਦਰਾ ਹਸਪਤਾਲ ਪਹੁੰਚਾਇਆ ਪਰ ਉਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਪ੍ਰਾਪਤ ਜਾਣਕਾਰੀ ਦੇ ਅਨੁਸਾਰ ਮ੍ਰਿਤਕ ਰਾਜਬੀਰ ਸਿੰਘ ਆਪਣੇ ਭਰਾਵਾਂ ਅਤੇ ਪਰਿਵਾਰ ਦੇ ਨਾਲ ਇਸ ਮਕਾਨ ਵਿਚ ਕਿਰਾਏ ਤੇ ਰਹਿੰਦਾ ਸੀ। ਮੌਕੇ ਤੇ ਪੁੱਜੇ ਮਕਾਨ ਦੇ ਮਾਲਕ ਤੇਲੂ ਰਾਮ ਨੇ ਦੱਸਿਆ ਕਿ ਉਸ ਦਾ ਮਕਾਨ ਬਹੁਤ ਪੁਰਾਣਾ ਬਣਿਆ ਹੋਇਆ ਹੈ। ਉਸ ਦੇ ਘਰ ਦੇ ਬਿਲਕੁਲ ਨਾਲ ਲੱਗਦੇ ਮਕਾਨ ਨੂੰ ਢਾਹ ਦਿੱਤਾ ਗਿਆ ਹੈ ਅਤੇ ਹੁਣ ਉੱਥੇ ਨਵੀਂ ਉਸਾਰੀ ਦਾ ਕੰਮ ਚੱਲ ਰਿਹਾ ਹੈ।
ਉਸ ਨੇ ਖਦਸ਼ਾ ਜ਼ਾਹਰ ਕੀਤਾ ਕਿ ਉਕਤ ਮਕਾਨ ਨੂੰ ਢਾਹੁਣ ਸਮੇਂ ਉਸ ਦੇ ਮਕਾਨ ਦੀ ਨੀਂਹ ਵੀ ਉਸ ਥਾਂ ਤੋਂ ਹਿੱਲ ਗਈ ਹੋ ਸਕਦੀ ਹੈ। ਜਿਸ ਕਾਰਨ ਇਹ ਹਾਦਸਾ ਵਾਪਰਿਆ। ਗੁਆਂਢੀਆਂ ਅਨੁਸਾਰ ਘਰ ਦੇ ਜਿਸ ਹਿੱਸੇ ਦੀ ਛੱਤ ਡਿੱਗੀ ਉਸ ਦੇ ਹੇਠਾਂ ਸਿਰਫ਼ ਰਾਜਬੀਰ ਸਿੰਘ ਹੀ ਸੌਂ ਰਿਹਾ ਸੀ, ਜਦਕਿ ਬਾਕੀ ਪਰਿਵਾਰਕ ਮੈਂਬਰ ਦੂਜੇ ਕਮਰੇ ਵਿੱਚ ਸੁੱਤੇ ਪਏ ਸਨ।