ਪੰਜਾਬ ਦੇ ਜਿਲ੍ਹਾ ਲੁਧਿਆਣਾ ਤੋਂ ਦਿਲ ਦਹਿਲਾ ਦੇਣ ਵਾਲੀ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਇੱਥੋਂ ਦੇ ਥਾਣਾ ਸਲੇਮ ਟਾਬਰੀ ਇਲਾਕੇ ਦੇ ਵਿਚ ਇਕ ਮਤਰੇਏ ਪਿਤਾ ਨੇ ਆਪਣੇ 20 ਸਾਲਾ ਪੁੱਤਰ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਹੈ। ਇੱਥੋਂ ਤੱਕ ਕਿ ਉਸ ਦੇ ਮ੍ਰਿਤਕ ਸ਼ਰੀਰ ਦੇ ਹੱਥ-ਪੈਰ ਬੰਨ੍ਹ ਕੇ ਉਸ ਨੂੰ ਪਲਾਸਟਿਕ ਦੇ ਡਰੰਮ ਵਿੱਚ ਸੁੱਟ ਕੇ ਉਸ ਉਪਰ ਸੀਮਿੰਟ ਨਾਲ ਪਲਾਸਟਰ ਵੀ ਕਰ ਦਿੱਤਾ ਤਾਂ ਜੋ ਕਿਸੇ ਨੂੰ ਸ਼ੱਕ ਨਾ ਹੋ ਸਕੇ।
ਇਸ ਮਾਮਲੇ ਸਬੰਧੀ ਮ੍ਰਿਤਕ ਦੀ ਮਾਂ ਸਵਿਤਾ ਨੇ ਪੁਲੀਸ ਨੂੰ ਦੱਸਿਆ ਹੈ ਕਿ ਪਹਿਲੇ ਪਤੀ ਦੀ ਮੌਤ ਹੋ ਜਾਣ ਤੋਂ ਬਾਅਦ ਉਸ ਦਾ ਵਿਆਹ ਵਿਵੇਕਨੰਦ ਮੰਡਲ ਉਰਫ ਸੱਪੂ ਮੰਡਲ ਨਾਲ ਹੋਇਆ ਸੀ। ਉਸ ਦੇ ਪਹਿਲੇ ਪਤੀ ਤੋਂ ਉਸ ਦਾ 1 ਪੁੱਤਰ ਪੀਯੂਸ਼ ਉਮਰ 20 ਸਾਲ ਸੀ ਜੋ ਉਸ ਦੇ ਨਾਲ ਹੀ ਰਹਿੰਦਾ ਸੀ ਅਤੇ ਉਸ ਦਾ ਦੂਜੇ ਪਿਤਾ ਦੇ ਨਾਲ ਝਗੜਾ ਰਹਿੰਦਾ ਸੀ। ਇਸੇ ਦੁਸ਼ਮਣੀ (ਰੰਜਿਸ਼) ਵਿੱਚ ਉਸ ਨੇ ਪੁੱਤਰ ਦਾ ਕਤਲ ਕਰ ਦਿੱਤਾ।
ਉਸ ਨੇ ਦੱਸਿਆ ਕਿ 5 ਦਸੰਬਰ ਤੋਂ ਹੀ ਉਹ ਘਰ ਤੋਂ ਲਾਪਤਾ ਸੀ ਅਤੇ ਉਸ ਨੂੰ ਕ੍ਰਿਕਟ ਖੇਡਣ ਦਾ ਸ਼ੌਕ ਸੀ। ਆਪਣੇ ਪਤੀ ਨੂੰ ਪੁੱਛਣ ‘ਤੇ ਉਹ ਹਰ ਵਾਰ ਉਸ ਨੂੰ ਗੁੰਮਰਾਹ ਕਰ ਦਿੰਦਾ ਸੀ, ਜਦੋਂ ਔਰਤ ਨੂੰ ਸ਼ੱਕ ਹੋਇਆ ਤਾਂ ਉਹ ਕਿਰਾਏ ਦੇ ਮਕਾਨ ਦੀ ਛੱਤ ‘ਤੇ ਗਈ ਤਾਂ ਦੇਖਿਆ ਉੱਥੇ ਇਕ ਡਰੰਮ ਮਿਲਿਆ, ਜਿਸ ਵਿਚੋਂ ਬਦਬੂ ਆ ਰਹੀ ਸੀ।
ਆਸ-ਪਾਸ ਦੇ ਲੋਕਾਂ ਨੂੰ ਸੂਚਨਾ ਦੇਣ ‘ਤੇ ਜਦੋਂ ਡਰੰਮ ਤੋੜਿਆ ਗਿਆ ਤਾਂ ਅੰਦਰ ਲਾਸ਼ ਪਈ ਸੀ, ਜਿਸ ਤੋਂ ਬਾਅਦ ਪੁਲਸ ਨੂੰ ਸੂਚਨਾ ਦਿੱਤੀ ਗਈ। ਥਾਣਾ ਇੰਚਾਰਜ ਹਰਜੀਤ ਸਿੰਘ ਮੌਕੇ ਉਤੇ ਪਹੁੰਚੇ, ਜਿਨ੍ਹਾਂ ਨੇ ਲਾਸ਼ ਨੂੰ ਡਰੰਮ ‘ਚੋਂ ਕਬਜ਼ੇ ‘ਚ ਲੈ ਕੇ ਫਰਾਰ ਦੋਸ਼ੀ ਪਿਤਾ ਦੀ ਭਾਲ ਵਿਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।