ਪੰਜਾਬ ਵਿਚ ਆਏ ਦਿਨ ਕੋਈ ਨਾ ਕੋਈ ਕਤਲ ਦੀ ਵਾਰਦਾਤ ਸਾਹਮਣੇ ਆ ਰਹੀ ਹੈ। ਹੁਣ ਇਕ ਹੋਰ ਅਜਿਹਾ ਹੀ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ। ਪੰਜਾਬ ਵਿਚ ਜਿਲ੍ਹਾ ਫਰੀਦਕੋਟ ‘ਚੋਂ ਲੰਘਦੀ ਰਾਜਸਥਾਨ ਫੀਡਰ ਨਹਿਰ ਦੇ ਵਿਚੋਂ 32 ਸਾਲਾ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ। ਉਕਤ ਨੌਜਵਾਨ ਦੀ ਗਰਦਨ ਉਤੇ ਤੇਜ਼ਧਾਰ ਹਥਿਆਰ ਦੇ ਨਿਸ਼ਾਨ ਪਾਏ ਗਏ ਹਨ। ਇਸ ਤੋਂ ਬਾਅਦ ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ ‘ਚ ਲੈ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਪੁਲਿਸ ਦੀ ਪੀ.ਸੀ.ਆਰ. ਟੀਮ ਨੂੰ ਨਹਿਰ ਦੇ ਕੰਢੇ ਇੱਕ ਮੋਟਰਸਾਈਕਲ ਲਾਵਾਰਸ ਦੀ ਤਰ੍ਹਾਂ ਖੜ੍ਹਾ ਹੋਇਆ ਮਿਲਿਆ। ਜਦੋਂ ਉਨ੍ਹਾਂ ਨੇ ਆਲੇ-ਦੁਆਲੇ ਦੇਖਿਆ ਤਾਂ ਕੁਝ ਦੂਰੀ ‘ਤੇ ਖੂਨ ਨਾਲ ਡਿੱਗਿਆ ਹੋਇਆ ਦੇਖਿਆ। ਉਨ੍ਹਾਂ ਵਲੋਂ ਇਸ ਗੱਲ ਦੀ ਸੂਚਨਾ ਤੁਰੰਤ ਉਚ ਅਧਿਕਾਰੀਆਂ ਨੂੰ ਦਿੱਤੀ ਗਈ।
ਇਸ ਦੌਰਾਨ ਕੁਝ ਹੀ ਦੂਰੀ ਉਤੇ ਇਕ ਨੌਜਵਾਨ ਦੀ ਲਾਸ਼ ਨੂੰ ਨਹਿਰ ‘ਚੋਂ ਬਾਹਰ ਕੱਢਿਆ ਗਿਆ। ਨੌਜਵਾਨ ਦੀ ਗਰਦਨ ਦੇ ਉਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤੇ ਗਏ ਸਨ। ਪੁਲੀਸ ਅਧਿਕਾਰੀਆਂ ਵਲੋਂ ਜਦੋਂ ਮੋਟਰਸਾਈਕਲ ਦੇ ਨੰਬਰ ਤੋਂ ਮੋਟਰਸਾਈਕਲ ਦੇ ਮਾਲਕ ਦੀ ਪਛਾਣ ਕਰਕੇ ਉਸ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕੀਤਾ ਗਿਆ ਤਾਂ ਪਤਾ ਲੱਗਾ ਕਿ ਇਹ ਮੋਟਰਸਾਈਕਲ ਵੀ ਉਸੇ ਮ੍ਰਿਤਕ ਨੌਜਵਾਨ ਦਾ ਹੈ, ਜਿਸ ਦੀ ਲਾਸ਼ ਨਹਿਰ ਦੇ ਵਿੱਚੋਂ ਬਰਾਮਦ ਹੋਈ ਹੈ।
ਇਸ ਮਾਮਲੇ ਤੇ ਪੁਲੀਸ ਅਤੇ ਪਰਿਵਾਰਕ ਮੈਂਬਰਾਂ ਦੀ ਮੁੱਢਲੀ ਜਾਂਚ ਪੜਤਾਲ ਵਿੱਚ ਸ਼ੱਕ ਜਤਾਇਆ ਗਿਆ ਹੈ ਕਿ ਕਿਸੇ ਨੇ ਨੌਜਵਾਨ ਦਾ ਕਤਲ ਕਰਕੇ ਉਸ ਦੀ ਲਾਸ਼ ਨੂੰ ਨਹਿਰ ਵਿੱਚ ਸੁੱਟ ਦਿੱਤਾ ਹੈ। ਮ੍ਰਿਤਕ ਦੀ ਪਛਾਣ ਸੁਖਬੀਰ ਸਿੰਘ ਪੁੱਤਰ ਬਲਰਾਜ ਸਿੰਘ ਵਾਸੀ ਪਿੰਡ ਕੋਠੇ ਵਡਿੰਗ ਦੇ ਰੂਪ ਵਜੋਂ ਹੋਈ ਹੈ। ਫਿਲਹਾਲ ਪੁਲਿਸ ਵਲੋਂ ਲਾਸ਼ ਨੂੰ ਮੈਡੀਕਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ ਅਤੇ ਅੱਗੇ ਦੀ ਕਾਰਵਾਈ ਨੂੰ ਸ਼ੁਰੂ ਕਰ ਦਿੱਤਾ ਹੈ।