ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਤੋਂ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਸ਼ਿਮਲੇ ਨੂੰ ਜਾ ਰਹੇ ਪੰਜ ਦੋਸਤ ਸ਼ੁੱਕਰਵਾਰ ਦੇਰ ਰਾਤ ਅੰਬਾਲਾ ਤੋਂ ਜਗਾਧਰੀ ਹਾਈਵੇਅ ਉਤੇ ਆਸ਼ਰਮ ਦੇ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਏ। ਹਾਦਸਾ ਇੰਨਾ ਜਬਰਦਸਤ ਸੀ ਕਿ ਗੁਰੂਗ੍ਰਾਮ ਦੇ ਸੈਕਟਰ-8 ਦੇ ਰਹਿਣ ਵਾਲੇ ਦੀਪਕ ਦੀ ਮੌਕੇ ਤੇ ਹੀ ਮੌ-ਤ ਹੋ ਗਈ ਜਦੋਂ ਕਿ ਤੁਸ਼ਾਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਅਤੇ ਉਸ ਦੇ ਸਿਰ ਵਿਚ ਕਰੀਬ 20 ਟਾਂਕੇ ਲੱਗੇ ਹਨ। ਇਸ ਹਾਦਸੇ ਵਿੱਚ ਤਿੰਨ ਹੋਰ ਸਾਥੀ ਰਿਤਿਕ, ਚਿਰਾਗ ਅਤੇ ਪ੍ਰਕਾਸ਼ ਮਾਮੂਲੀ ਜਖਮੀ ਹੋ ਗਏ ਹਨ।
ਪ੍ਰਾਪਤ ਜਾਣਕਾਰੀ ਮੁਤਾਬਕ ਇਸ ਹਾਦਸੇ ਵਿਚ ਵਰਨਾ ਕਾਰ ਨੂੰ ਟਰੱਕ ਨੇ ਆਪਣੀ ਲਪੇਟ ਵਿਚ ਲੈ ਲਿਆ। ਇਸ ਟੱਕਰ ਤੋਂ ਬਾਅਦ ਡਰਾਈਵਰ ਫਰਾਰ ਹੋ ਗਿਆ। ਜ਼ਖ਼ਮੀਆਂ ਨੂੰ ਤੁਰੰਤ ਹੀ ਛਾਉਣੀ ਦੇ ਸਿਵਲ ਹਸਪਤਾਲ ਲਿਆਂਦਾ ਗਿਆ। ਇਲਾਕੇ ਦੀ ਪੁਲਿਸ ਨੇ ਅਣਪਛਾਤੇ ਟਰੱਕ ਡਰਾਈਵਰ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦਾ ਪੋਸਟ ਮਾਰਟਮ ਕਰਵਾ ਕੇ ਦੇਹ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ।
ਇਸ ਮੌਕੇ ਗੁਰੂਗ੍ਰਾਮ ਦੇ ਸੈਕਟਰ-7 ਦੇ ਰਹਿਣ ਵਾਲੇ ਤੁਸ਼ਾਰ ਨੇ ਦੱਸਿਆ ਕਿ ਉਹ ਪਾਲਸੀ ਬਾਜ਼ਾਰ ਵਿਚ ਕੰਮ ਕਰਦਾ ਹੈ। ਨਵੇਂ ਸਾਲ ਤੇ ਉਹ ਮਾਮੇ ਦੇ ਲੜਕੇ ਦੀਪਕ ਅਤੇ ਤਿੰਨ ਹੋਰ ਦੋਸਤਾਂ ਦੇ ਨਾਲ ਸ਼ਿਮਲੇ ਜਾ ਰਿਹਾ ਸੀ। ਉਨ੍ਹਾਂ ਨੇ ਨਵੇਂ ਸਾਲ ਦਾ ਜਸਨ ਮਨਾ ਕੇ ਇਕ ਜਨਵਰੀ ਨੂੰ ਹੀ ਵਾਪਸ ਆਉਣਾ ਸੀ। ਉਹ ਖੁਦ ਗੱਡੀ ਚਲਾ ਰਿਹਾ ਸੀ। ਜਦੋਂ ਉਹ ਅੰਬਾਲਾ ਨੇੜੇ ਪਹੁੰਚੇ ਤਾਂ ਅਚਾਨਕ ਟਰੱਕ ਨੇ ਉਨ੍ਹਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ।
ਇਸ ਤੋਂ ਪਹਿਲਾਂ ਕਿ ਉਹ ਖੁਦ ਨੂੰ ਸੰਭਾਲ ਪਾਉਂਦਾ, ਕਾਰ ਟਰੱਕ ਦੇ ਹੇਠ ਆ ਗਈ ਅਤੇ ਉਹ ਬੁਰੀ ਤਰ੍ਹਾਂ ਫਸ ਗਿਆ। ਹੋਰ ਦੋਸਤਾਂ ਨੇ ਉਸ ਨੂੰ ਅਤੇ ਦੀਪਕ ਨੂੰ ਕਾਰ ਵਿਚੋਂ ਬਾਹਰ ਕੱਢਿਆ ਅਤੇ ਹਸਪਤਾਲ ਲੈ ਕੇ ਗਏ। ਡਾਕਟਰ ਨੇ ਮੁੱਢਲੀ ਜਾਂਚ ਤੋਂ ਬਾਅਦ ਦੀਪਕ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਦੀਪਕ ਵਿਆਹਿਆ ਹੋਇਆ ਹੈ ਅਤੇ ਉਸ ਦੇ ਦੋ ਬੱਚੇ ਹਨ। ਸਾਰਿਆਂ ਦੀ ਇਕੱਠੇ ਸ਼ਿਮਲੇ ਜਾਣ ਦੀ ਯੋਜਨਾ ਬਣੀ ਸੀ। ਇਸ ਮਾਮਲੇ ਤੇ ਹੈੱਡ ਕਾਂਸਟੇਬਲ ਚਰਨ ਸਿੰਘ ਨੇ ਦੱਸਿਆ ਕਿ ਅਣਪਛਾਤੇ ਟਰੱਕ ਡਰਾਈਵਰ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।