ਜਿਲ੍ਹਾ ਬਠਿੰਡਾ (ਪੰਜਾਬ) ਦੇ ਮਲੋਟ ਰੋਡ ਉਤੇ ਸ਼ੁੱਕਰਵਾਰ ਦੀ ਸ਼ਾਮ ਨੂੰ ਇੱਕ ਕਾਰ ਅਤੇ ਮਿੰਨੀ ਬੱਸ ਦੀ ਆਹਮੋ ਸਾਹਮਣੇ ਟੱਕਰ ਹੋ ਗਈ। ਇਸ ਸੜਕ ਹਾਦਸੇ ਦੌਰਾਨ ਕਾਰ ਵਿਚ ਸਵਾਰ 2 ਲੋਕਾਂ ਦੀ ਮੌ-ਤ ਹੋ ਗਈ ਹੈ। ਜਦੋਂ ਕਿ 3 ਲੋਕ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਹਨ। ਇਹ ਹਾਦਸਾ ਪਿੰਡ ਬੱਲੂਆਣਾ ਨੇੜੇ ਵਾਪਰਿਆ ਹੈ। ਹਾਦਸੇ ਵਿਚ ਜ਼ਖਮੀਆਂ ਦੀ ਪਹਿਚਾਣ ਲਵਲੀ ਉਮਰ 28 ਸਾਲ ਦੀਪਕ ਉਮਰ 27 ਸਾਲ ਅਤੇ ਤਰੁਣ ਉਮਰ 30 ਸਾਲ ਵਾਸੀ ਅਬੋਹਰ ਦੇ ਰੂਪ ਵਜੋਂ ਹੋਈ ਹੈ। ਜਦਕਿ ਕਾਰ ਵਿੱਚ ਸਵਾਰ ਮ੍ਰਿਤਕ ਦੀ ਪਛਾਣ ਅਮਿਤ ਕੁਮਾਰ ਉਮਰ 25 ਸਾਲ ਦੇ ਰੂਪ ਵਜੋਂ ਹੋਈ ਹੈ।
ਪਰ ਮ੍ਰਿਤਕ ਕਾਰ ਡਰਾਈਵਰ ਕੋਲੋਂ ਕੋਈ ਵੀ ਦਸਤਾਵੇਜ਼ ਬਰਾਮਦ ਨਾ ਹੋਣ ਕਾਰਨ ਉਸ ਦੀ ਪਹਿਚਾਣ ਨਹੀਂ ਹੋ ਸਕੀ। ਕਾਰ ਬਠਿੰਡਾ ਵੱਲ ਆ ਰਹੀ ਸੀ, ਜਦੋਂ ਕਿ ਮਿੰਨੀ ਬੱਸ ਬਠਿੰਡਾ ਤੋਂ ਮਲੋਟ ਵੱਲ ਨੂੰ ਜਾ ਰਹੀ ਸੀ। ਜਦੋਂ ਇਹ ਦੋਵੇਂ ਗੱਡੀਆਂ ਪਿੰਡ ਬੱਲੂਆਣਾ ਨੇੜੇ ਪਹੁੰਚੀਆਂ ਤਾਂ ਕਾਰ ਡਰਾਈਵਰ ਗੱਡੀ ਤੋਂ ਆਪਣਾ ਕੰਟਰੋਲ ਗੁਆ ਬੈਠਾ। ਕਾਰ ਦੀ ਰਫ਼ਤਾਰ ਜਿਆਦਾ ਤੇਜ਼ ਹੋਣ ਕਾਰਨ ਡਿਵਾਈਡਰ ਪਾਰ ਕਰਕੇ ਦੂਜੀ ਸੜਕ ਤੇ ਮਲੋਟ ਵੱਲ ਜਾ ਰਹੀ ਮਿੰਨੀ ਬੱਸ ਨਾਲ ਜਾ ਕੇ ਟਕਰਾ ਗਈ। ਇਸ ਹਾਦਸੇ ਵਿਚ ਕਾਰ ਦੇ ਪਰਖੱਚੇ ਉੱਡ ਗਏ ਅਤੇ ਸਵਾਰੀਆਂ ਟੁੱਟੀਆਂ ਖਿੜਕੀਆਂ ਵਿਚੋਂ ਦੀ ਜਖਮੀ ਹਾਲ ਵਿਚ ਬਾਹਰ ਆ ਗਈਆਂ।
ਹਾਦਸੇ ਦੌਰਾਨ ਹੋਈ ਜ਼ੋਰਦਾਰ ਆਵਾਜ਼ ਨੂੰ ਸੁਣ ਕੇ ਮੌਕੇ ਉਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਸਮਾਜ ਸੇਵੀ ਸੰਸਥਾ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਵਲੰਟੀਅਰ ਯਾਦਵਿੰਦਰ ਕੰਗ ਅਤੇ ਜਨੇਸ਼ ਜੈਨ ਐਂਬੂਲੈਂਸ ਲੈ ਕੇ ਘਟਨਾ ਵਾਲੀ ਥਾਂ ਤੇ ਪਹੁੰਚੇ। ਫਿਰ ਦੋਵੇਂ ਮ੍ਰਿਤਕ ਪਾਏ ਗਏ ਵਿਅਕਤੀਆਂ ਦੀਆਂ ਮ੍ਰਿਤਕ ਦੇਹਾਂ ਸਮੇਤ ਜ਼ਖਮੀ ਹੋਏ ਲੋਕਾਂ ਨੂੰ ਸਿਵਲ ਹਸਪਤਾਲ ਪਹੁੰਚਦੇ ਕੀਤਾ ਗਿਆ। ਸਥਾਨਕ ਪੁਲਿਸ ਨੇ ਮੌਕੇ ਉਤੇ ਜਾ ਕੇ ਜਾਂਚ ਕੀਤੀ ਅਤੇ ਫਿਲਹਾਲ ਮ੍ਰਿਤਕ ਕਾਰ ਡਰਾਈਵਰ ਦੀ ਪਹਿਚਾਣ ਕਮਲਦੀਪ ਦੇ ਰੂਪ ਵਜੋਂ ਹੋਈ ਹੈ ਜਦੋਂ ਕਿ ਦੂਜੇ ਦੀ ਪਹਿਚਾਣ ਅਮਿਤ ਕੁਮਾਰ ਵਜੋਂ ਹੋਈ ਹੈ। ਹੋਰ ਜਾਣਕਾਰੀ ਪਤਾ ਲਗਾਉਣ ਦੇ ਯਤਨ ਕੀਤੇ ਜਾ ਰਹੇ ਹਨ।