ਪੰਜਾਬ ਦੇ ਜਿਲ੍ਹਾ ਲੁਧਿਆਣਾ (ਜਗਰਾਓਂ) ਦੀ ਰਹਿਣ ਵਾਲੀ 22 ਸਾਲਾ ਲੜਕੀ ਦੀ ਹਾਂਗਕਾਂਗ ਵਿੱਚ ਮੌ-ਤ ਹੋ ਗਈ ਹੈ। ਮ੍ਰਿਤਕ ਲੜਕੀ ਮਾਲ ਵਿਚ ਕੰਮ ਕਰਦੀ ਸੀ। ਉਹ ਬਿਨਾਂ ਸੇਫਟੀ ਬੈਲਟ ਲਾਏ ਮਾਲ ਦਾ ਸ਼ੀਸ਼ਾ ਸਾਫ਼ ਕਰ ਰਹੀ ਸੀ। ਅਚਾਨਕ ਹੀ ਉਹ ਆਪਣਾ ਸੰਤੁਲਨ ਗੁਆ ਬੈਠੀ ਅਤੇ 22ਵੀਂ ਮੰਜ਼ਿਲ ਤੋਂ ਥੱਲ੍ਹੇ ਡਿੱਗ ਗਈ। ਉਥੇ ਮੌਜੂਦ ਲੋਕਾਂ ਵਲੋਂ ਤੁਰੰਤ ਹੀ ਪੁਲਸ ਨੂੰ ਬੁਲਾ ਕੇ ਲੜਕੀ ਨੂੰ ਹਸਪਤਾਲ ਪਹੁੰਚਾਇਆ ਗਿਆ ਪਰ ਲੜਕੀ ਰਸਤੇ ਵਿਚ ਹੀ ਦਮ ਤੋੜ ਚੁੱਕੀ ਸੀ। ਇਸ ਘਟਨਾ ਵਿਚ ਜਾਨ ਗੁਆਉਣ ਵਾਲੀ ਲੜਕੀ ਦਾ ਨਾਮ ਕਿਰਨਜੋਤ ਕੌਰ ਹੈ। ਉਹ ਜਗਰਾਓਂ ਨੇੜਲੇ ਪਿੰਡ ਭੰਮੀਪੁਰਾ ਦੀ ਰਹਿਣ ਵਾਲੀ ਸੀ।
ਲਾਡਲੀ ਧੀ ਕਿਰਨਜੋਤ ਕੌਰ ਦੀ ਮੌ-ਤ ਦੀ ਖਬਰ ਸੁਣ ਕੇ ਪੂਰੇ ਪਿੰਡ ਭੰਮੀਪੁਰਾ ਵਿੱਚ ਸੋਗ ਛਾ ਗਿਆ ਹੈ। ਇਸ ਦੇ ਨਾਲ ਹੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ਪਰਿਵਾਰ ਲਗਾਤਾਰ ਸੰਘਰਸ਼ ਕਰ ਰਿਹਾ ਹੈ। ਪੀੜਤ ਪਰਿਵਾਰ ਵੱਲੋਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਹੈ ਕਿ ਉਨ੍ਹਾਂ ਦਾ ਸਹਿਯੋਗ ਕੀਤਾ ਜਾਵੇ ਤਾਂ ਜੋ ਧੀ ਦੀ ਮ੍ਰਿਤਕ ਦੇਹ ਨੂੰ ਪੰਜਾਬ ਲਿਆਂਦਾ ਜਾ ਸਕੇ। ਰੁਜ਼ਗਾਰ ਦੀ ਤਲਾਸ਼ ਲਈ ਕਿਰਨਜੋਤ ਕੌਰ ਆਪਣਾ ਚੰਗਾ ਭਵਿੱਖ ਬਣਾਉਣ ਲਈ ਪੰਜਾਬ ਤੋਂ ਵਿਦੇਸ਼ ਚਲੀ ਗਈ ਸੀ। ਕਿਰਨਜੋਤ ਅਜੇ 5 ਮਹੀਨੇ ਪਹਿਲਾਂ ਹੀ ਵਿਦੇਸ਼ ਗਈ ਸੀ। ਡਿਊਟੀ ਉਤੇ ਜਾਣ ਤੋਂ ਪਹਿਲਾਂ ਲੜਕੀ ਨੇ ਪਰਿਵਾਰ ਨਾਲ ਫੋਨ ਉਤੇ ਗੱਲ ਕੀਤੀ ਸੀ।ਪਰਿਵਾਰ ਨੂੰ ਫੋਨ ਕਰਕੇ ਜਾਣਕਾਰੀ ਦਿੱਤੀ ਸੀ ਕਿ ਮਾਲ ਪ੍ਰਬੰਧਕਾਂ ਨੇ ਉਸ ਨੂੰ ਸ਼ੀਸ਼ੇ ਸਾਫ ਕਰਨ ਦੀ ਡਿਊਟੀ ਊਤੇ ਲਗਾ ਦਿੱਤਾ ਹੈ।
ਹਾਦਸੇ ਤੋਂ ਪਹਿਲਾਂ ਉਹ ਤਿੰਨ ਘੰਟੇ ਤੱਕ ਸੀਸੇ ਸਾਫ਼ ਕਰਦੀ ਰਹੀ। ਅਚਾਨਕ ਇਹ ਘਟਨਾ ਵਾਪਰ ਗਈ। ਮਾਲ ਦੇ ਪ੍ਰਬੰਧਕਾਂ ਨੇ ਫੋਨ ਕਰਕੇ ਪਰਿਵਾਰ ਨੂੰ ਬੇਟੀ ਦੀ ਮੌ-ਤ ਦੀ ਸੂਚਨਾ ਦਿੱਤੀ। ਕਿਰਨਜੋਤ ਕੌਰ ਦੀ ਮਾਂ ਪਿੰਡ ਦੀ ਪੰਚਾਇਤ ਮੈਂਬਰ ਹੈ। ਪਿਤਾ ਜਸਵੰਤ ਸਿੰਘ ਖੇਤੀ ਬਾੜੀ ਕਰਦੇ ਹਨ। ਜਦੋਂ ਕਿ ਇੱਕ ਵੱਡਾ ਭਰਾ ਹਰਵਿੰਦ ਸਿੰਘ ਘਰ ਰਹਿੰਦਾ ਹੈ। ਕਿਰਨਜੋਤ ਦੀ ਵੱਡੀ ਭੈਣ ਸੁੱਖੀ ਕੌਰ ਦਾ ਵਿਆਹ ਦੋ ਸਾਲ ਪਹਿਲਾਂ ਪਿੰਡ ਦੇ ਅਖਾੜਾ ਵਿੱਚ ਹੋਇਆ ਸੀ। ਮ੍ਰਿਤਕ ਕਿਰਨਜੋਤ ਦੇ ਚਾਚੇ ਦੇ ਲੜਕੇ ਰਵੀ ਨੇ ਦੱਸਿਆ ਕਿ ਪਰਿਵਾਰ ਲੜਕੀ ਦੇ ਮ੍ਰਿਤਕ ਸਰੀਰ ਨੂੰ ਹਾਂਗਕਾਂਗ ਤੋਂ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਮੀਦ ਹੈ ਕਿ ਜਲਦੀ ਹੀ ਮ੍ਰਿਤਕ ਦੇਹ ਨੂੰ ਅੰਤਿਮ ਸੰਸਕਾਰ ਲਈ ਪਿੰਡ ਭੰਮੀਪੁਰਾ ਲਿਆਂਦਾ ਜਾਵੇਗਾ।