ਰਾਜਧਾਨੀ ਦਿੱਲੀ ਤੋਂ ਮੇਰਠ ਐਕਸਪ੍ਰੈਸ ਸੜਕ ਉਤੇ ਸਟੰਟ-ਬਾਜੀ ਕਰਦੇ ਮੁੰਡੇ ਦੀ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ। ਇਸ ਵੀਡੀਓ ਵਿਚ ਬੁਲੇਟ ਮੋਟਰਸਾਈਕਲ ਉਤੇ ਬੈਠਾ ਨੌਜਵਾਨ ਬੀ-ਅ-ਰ ਪੀ ਰਿਹਾ ਹੈ। ਉਸ ਨੇ ਇੱਕ ਹੱਥ ਨਾਲ ਬੀਅਰ ਦਾ ਕੈਨ ਫੜਿਆ ਹੈ ਅਤੇ ਦੂਜੇ ਹੱਥ ਨਾਲ ਮੋਟਰਸਾਈਕਲ ਦਾ ਹੈਂਡਲ ਫੜ ਕੇ ਬੁਲੇਟ ਨੂੰ ਚਲਾ ਰਿਹਾ ਹੈ। ਉਸ ਨੇ ਸੁਰੱਖਿਆ ਲਈ ਹੈਲਮੇਟ ਵੀ ਨਹੀਂ ਪਾਇਆ। ਬੈਕਗ੍ਰਾਊਂਡ ਵਿਚ ਗੀਤ ਚੱਲ ਰਿਹਾ ਹੈ ‘ਸ਼ਹਿਰ ਤੇਰੇ ਮੈਂ ਘੂਮੇ ਗਾਡੀ ਸਿਸਟਮ ਸਾਰਾ ਹਾਲੇ ਹੈ, ਮੰਨੇ ਸੁਨੀ ਤੂ ਔਨ ਰੋਡ ਪਰ ਪੈਗ ਮਾਰਤਾ ਚਲੇ ਹੈ। ਇਹ ਵੀਡੀਓ ਐਕਸਪ੍ਰੈੱਸ ਵੇਅ ਉਤੇ ਮਸੂਰੀ ਦੇ ਇਲਾਕੇ ਦਾ ਦੱਸਿਆ ਜਾ ਰਿਹਾ ਹੈ।
ਐਕਸਪ੍ਰੈੱਸ ਵੇਅ ਉਤੇ ਦੋ ਪਹੀਆ ਵਾਹਨ ਚਲਾਉਣ ਦੀ ਮਨਾਹੀ ਹੈ। ਇਸ ਵੀਡੀਓ ਦੇ ਵਾਇਰਲ ਹੁੰਦੇ ਹੀ ਗਾਜ਼ੀਆਬਾਦ ਟ੍ਰੈਫਿਕ ਪੁਲਸ ਹਰਕਤ ਦੇ ਵਿਚ ਆ ਗਈ। ਨੰਬਰ ਦੇ ਆਧਾਰ ਉਤੇ ਬੁਲੇਟ ਮੋਟਰਸਾਈਕਲ ਦਾ 31,000 ਰੁਪਏ ਦਾ ਚਲਾਨ ਕੱਟਿਆ ਗਿਆ ਹੈ। ਗਾਜ਼ੀਆਬਾਦ ਕਮਿਸ਼ਨਰੇਟ ਪੁਲਿਸ ਵਲੋਂ ਟਵੀਟ ਕੀਤਾ ਗਿਆ ਹੈ ਕਿ ਮਸੂਰੀ ਪੁਲਿਸ ਸਟੇਸ਼ਨ ਵੱਲੋਂ ਇਸ ਮਾਮਲੇ ਵਿੱਚ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਦੇਰ ਰਾਤ ਮਸੂਰੀ ਥਾਣੇ ਦੀ ਪੁਲਸ ਨੇ ਇਸ ਮਾਮਲੇ ਤੇ ਐਕਸਨ ਲੈਂਦੇ ਹੋਏ ਅਨੁਜ ਨੂੰ ਗ੍ਰਿਫਤਾਰ ਕਰ ਲਿਆ। ਉਸ ਦਾ ਬੁਲੇਟ ਮੋਟਰਸਾਈਕਲ ਵੀ ਜ਼ਬਤ ਕਰ ਲਿਆ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅਨੁਜ ਪਿੰਡ ਨੂਰਪੁਰ ਦਾ ਰਹਿਣ ਵਾਲਾ ਹੈ। ਉਸ ਨੇ ਪੁਲਿਸ ਨੂੰ ਦੱਸਿਆ ਹੈ ਕਿ ਉਸ ਨੇ ਅਜਿਹਾ ਰੀਲ ਬਣਾਉਣ ਦੇ ਲਈ ਕੀਤਾ ਸੀ। ਫਿਲਹਾਲ ਪੁਲਿਸ ਵਲੋਂ ਅਨੁਜ ਨੂੰ ਅਦਾਲਤ ਵਿੱਚ ਪੇਸ਼ ਕਰਕੇ ਜੇਲ੍ਹ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਥੇ ਧਿਆਨਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਗਾਜ਼ੀਆਬਾਦ ਦੇ ਐਲੀਵੇਟਿਡ ਰੋਡ ਅਤੇ ਐਕਸਪ੍ਰੈਸ ਵੇਅ ਉਤੇ ਇਹੋ ਜਿਹੇ ਕਈ ਵੀਡੀਓ ਸਾਹਮਣੇ ਆ ਚੁੱਕੇ ਹਨ ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਪੁਲਿਸ ਨੇ ਅਜਿਹੀ ਵੀਡੀਓ ਦਾ ਨੋਟਿਸ ਲੈਂਦਿਆਂ ਉਨ੍ਹਾਂ ਉਤੇ ਕਾਰਵਾਈ ਵੀ ਕੀਤੀ ਹੈ। ਪਰ ਫਿਰ ਵੀ ਇਸ ਤਰ੍ਹਾਂ ਰੀਲ ਬਣਾਉਣ ਵਾਲੇ ਇਹੋ ਜਿਹੇ ਵੀਡੀਓ ਬਣਾਉਣ ਤੋਂ ਗੁਰੇਜ਼ ਨਹੀਂ ਕਰ ਰਹੇ ਹਨ।