ਘਰ ਤੋਂ ਸਬਜ਼ੀ ਲੈਣ ਗਈ ਮਹਿਲਾ ਨਾਲ ਮੋਟਰਸਾਈਕਲ ਸਵਾਰ ਕਰ ਗਏ ਇਹ ਕਾਰਾ

Punjab

ਪੰਜਾਬ ਦੇ ਜ਼ਿਲਾ ਲੁਧਿਆਣਾ ਵਿਚ ਸਨੈਚਿੰਗ ਦੀਆਂ ਵਾਰਦਾਤਾਂ ਦਾ ਗ੍ਰਾਫ ਲਗਾਤਾਰ ਵਧਦਾ ਜਾ ਰਿਹਾ ਹੈ। ਥਾਣਾ ਡਿਵੀਜ਼ਨ ਨੰਬਰ 3 ਅੰਦਰ ਪੈਂਦੇ ਇਲਾਕੇ ਕਿਦਵਈ ਨਗਰ ਵਾਲਬਰੋ ਵਾਲੀ ਗਲੀ ਵਿੱਚ ਸਬਜ਼ੀ ਖਰੀਦ ਕੇ ਘਰ ਜਾ ਰਹੀ ਬਜ਼ੁਰਗ ਔਰਤ ਦੇ ਕੰਨਾਂ ਵਿੱਚੋਂ ਮੋਟਰਸਾਈਕਲ ਸਵਾਰ ਝਪਟ ਮਾਰਾਂ ਨੇ ਕੰਨਾਂ ਦੀਆਂ ਵਾਲੀਆਂ ਖੋਹ ਲਈਆਂ। ਦੋਸ਼ੀਆਂ ਨੇ ਔਰਤ ਨੂੰ ਚਾਕੂ ਵੀ ਦਿਖਾਇਆ ਜਿਸ ਤੋਂ ਬਾਅਦ ਉਨ੍ਹਾਂ ਨੇ ਉਸ ਨੂੰ ਕਿਹਾ ਹਿੱਲਣ ਨਾ ਅਤੇ ਔਰਤ ਦੇ ਕੰਨਾਂ ਦੀਆਂ ਵਾਲੀਆਂ ਝਪਟ ਕੇ ਜਨਕਪੁਰੀ ਮੇਨ ਬਾਜ਼ਾਰ ਵੱਲ ਫ਼ਰਾਰ ਹੋ ਗਏ। ਇਲਾਕੇ ਦੇ ਲੋਕਾਂ ਵਿਚ ਪੁਲਿਸ ਪ੍ਰਤੀ ਗੁੱਸਾ ਹੈ।

ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਚੁੱਪੀ ਧਾਰੀ ਬੈਠੀ ਹੈ, ਇਲਾਕੇ ਵਿੱਚ ਲਗਾਤਾਰ ਲੁੱਟ ਦੀਆਂ ਘਟਨਾਵਾਂ ਹੋ ਰਹੀਆਂ ਹਨ। ਪੁਲੀਸ ਕਰਮੀ ਇੱਕ ਦੋ ਦਿਨ ਤਾਂ ਲੁੱਟ-ਖੋਹ ਕਰਨ ਵਾਲਿਆਂ ਦਾ ਪਤਾ ਲਾਉਣ ਲਈ ਕੰਮ ਕਰਦੇ ਹਨ। ਪਰ ਉਸ ਤੋਂ ਬਾਅਦ ਜਦੋਂ ਅਗਲੀ ਘਟਨਾ ਵਾਪਰਦੀ ਹੈ ਤਾਂ ਉਹ ਪਿਛਲੇ ਮਾਮਲੇ ਨੂੰ ਅੱਖੋਂ ਪਰੋਖਾ ਕਰ ਦਿੰਦੇ ਹਨ। ਪੀੜਤ ਔਰਤ ਦਾ ਨਾਮ ਦਵਿੰਦਰ ਕੌਰ ਹੈ। ਔਰਤ ਦੇ ਗੋਡਿਆਂ ਉਤੇ ਵੀ ਕਾਫੀ ਸੱਟ ਲੱਗੀ ਹੈ। ਇਲਾਕੇ ਵਾਲਿਆਂ ਦਾ ਕਹਿਣਾ ਹੈ ਕਿ ਕੁਝ ਦਿਨ ਪਹਿਲਾਂ ਹੀ ਝਪਟ ਮਾਰ ਇਲਾਕੇ ਦੀ ਇੱਕ ਹੋਰ ਔਰਤ ਦੇ ਗਲੇ ਵਿਚੋਂ ਚੈਨ ਝਪਟ ਕੇ ਫਰਾਰ ਹੋ ਗਏ ਸਨ ਅਤੇ ਪੁਲਿਸ ਦੇ ਹੱਥ ਅਜੇ ਤੱਕ ਵੀ ਖਾਲੀ ਹਨ।

ਦੋਸ਼ੀਆਂ ਨੇ ਔਰਤ ਦੇ ਕੰਨਾਂ ਦੀਆਂ ਵਾਲੀਆਂ ਖੋਹ ਲਈਆਂ ਅਤੇ ਉਸ ਨੂੰ ਬੁਰੀ ਤਰ੍ਹਾਂ ਨਾਲ ਧੱਕਾ ਮਾਰ ਦਿੱਤਾ, ਜਿਸ ਕਾਰਨ ਉਹ ਗਲੀ ਵਿਚ ਡਿੱਗ ਗਈ। ਇਸ ਔਰਤ ਨੇ ਅਜੇ 3 ਮਹੀਨੇ ਪਹਿਲਾਂ ਹੀ ਗੋਡੇ ਦੀ ਸਰਜਰੀ ਕਰਾਈ ਹੈ। ਤੁਹਾਨੂੰ ਦੱਸ ਦੇਈਏ ਕਿ ਜਿਸ ਔਰਤ ਨਾਲ ਇਹ ਘਟਨਾ ਵਾਪਰੀ ਹੈ, ਉਹ ਕੋਈ ਆਮ ਔਰਤ ਨਹੀਂ ਹੈ। ਉਸ ਨੇ ਹਜ਼ਾਰਾਂ ਲੋਕਾਂ ਨੂੰ ਕੈਂਸਰ ਦੀ ਬੀਮਾਰੀ ਤੋਂ ਮੁਕਤ ਕਰਾਇਆ ਹੈ। ਜੋ ਕੈਂਸਰ ਤੋਂ ਪੀੜਤ ਸਨ। ਮਹਿਲਾ ਦਵਿੰਦਰ ਕੌਰ ਆਪਣੇ ਘਰ ਵ੍ਹੀਟ ਗਰਾਸ ਦੀ ਖੇਤੀ ਕਰ ਰਹੀ ਹੈ ਅਤੇ ਕੈਂਸਰ ਤੋਂ ਪੀੜਤ ਲੋਕਾਂ ਦੀ ਫ੍ਰੀ ਵਿਚ ਸੇਵਾ ਕਰਦੀ ਰਹੀ ਹੈ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਪੁਲਿਸ ਨੇ ਦੋਸ਼ੀਆਂ ਨੂੰ ਨਾ ਫੜਿਆ ਤਾਂ ਲੋਕਾਂ ਨੂੰ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਤੱਕ ਅਪੀਲ ਕਰਨੀ ਪਵੇਗੀ।

ਇਸ ਮਾਮਲੇ ਵਿਚ ਮਹਿਲਾ ਦਵਿੰਦਰ ਕੌਰ ਦਾ ਕਹਿਣਾ ਹੈ ਕਿ ਗੋਡਿਆਂ ਦਾ ਅਪਰੇਸ਼ਨ ਹੋਣ ਕਾਰਨ ਉਹ ਬਹੁਤ ਘੱਟ ਹੀ ਘਰ ਤੋਂ ਬਾਹਰ ਆਉਂਦੀ ਸੀ। ਅੱਜ ਉਹ ਸਿਰਫ ਸਬਜ਼ੀ ਮੰਡੀ ਤੱਕ ਖ੍ਰੀਦਦਾਰੀ ਕਰਨ ਲਈ ਗਈ ਸੀ। ਝਪਟ ਮਾਰਾਂ ਨੇ ਉਸ ਦੀਆਂ 6 ਗ੍ਰਾਮ ਦੀਆਂ ਸੋਨੇ ਦੀਆਂ ਵਾਲੀਆਂ ਝਪਟ ਲਈਆਂ। ਇਸ ਘਟਨਾ ਤੋਂ ਬਾਅਦ ਇਲਾਕੇ ਦੀਆਂ ਔਰਤਾਂ ਵਿਚ ਡਰ ਦਾ ਮਾਹੌਲ ਹੈ। ਲੋਕਾਂ ਦਾ ਕਹਿਣਾ ਹੈ ਕਿ ਹੁਣ ਹਾਲ ਇਹ ਹੋ ਗਿਆ ਹੈ ਕਿ ਕੋਈ ਵੀ ਔਰਤ ਆਪਣੇ ਘਰ ਦੇ ਬਾਹਰ ਬੈਠਣ ਤੋਂ ਵੀ ਡਰਦੀ ਹੈ।

Leave a Reply

Your email address will not be published. Required fields are marked *