ਪੰਜਾਬ ਦੇ ਤਰਨਤਾਰਨ ਦੀ ਜੇਲ੍ਹ ਵਿੱਚ ਇੱਕ ਕੈਦੀ ਦੀ ਮੌ-ਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜੇਲ੍ਹ ਪ੍ਰਸ਼ਾਸਨ ਉਸ ਨੂੰ ਹਸਪਤਾਲ ਲੈ ਕੇ ਗਿਆ ਸੀ ਪਰ ਰਸਤੇ ਵਿੱਚ ਹੀ ਉਸ ਦੀ ਮੌ-ਤ ਹੋ ਚੁੱਕੀ ਸੀ। ਪਰਿਵਾਰਕ ਮੈਂਬਰਾਂ ਨੇ ਜੇਲ੍ਹ ਪ੍ਰਸ਼ਾਸਨ ਉਤੇ ਲਾਪਰਵਾਹੀ ਦਾ ਦੋਸ਼ ਲਾਇਆ ਹੈ। ਤਰਨਤਾਰਨ ਪੁਲਿਸ ਵਲੋਂ ਸੋਮਵਾਰ ਨੂੰ ਜੂਡੀਸ਼ੀਅਲ ਮੈਜਿਸਟ੍ਰੇਟ ਦੀ ਹਾਜ਼ਰੀ ਵਿੱਚ ਮ੍ਰਿਤਕ ਕੈਦੀ ਦੀ ਦੇਹ ਦਾ ਪੋਸਟ ਮਾਰਟਮ ਕਰਾਇਆ ਜਾਵੇਗਾ। ਇਸ ਮ੍ਰਿਤਕ ਕੈਦੀ ਦੀ ਪਹਿਚਾਣ ਮਹਿੰਦਰ ਪਾਲ ਉਮਰ 42 ਸਾਲ ਵਾਸੀ ਭਿੱਖੀਵਿੰਡ ਦੇ ਰੂਪ ਵਜੋਂ ਹੋਈ ਹੈ। ਉਹ ਪਿਛਲੇ ਚਾਰ ਸਾਲਾਂ ਤੋਂ ਐਨ. ਡੀ. ਪੀ. ਐਸ. ਐਕਟ ਦੇ ਤਹਿਤ ਜੇਲ੍ਹ ਵਿੱਚ ਬੰਦ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪਤਨੀ ਬਲਜਿੰਦਰ ਕੌਰ ਅਤੇ ਭਰਾ ਗੁਰਪ੍ਰੀਤ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਐਤਵਾਰ ਨੂੰ ਜੇਲ੍ਹ ਤੋਂ ਫੋਨ ਆਇਆ ਸੀ ਕਿ ਮਹਿੰਦਰ ਸਿੰਘ ਦੀ ਤਬੀਅਤ ਵਿਗੜ ਜਾਣ ਦੇ ਕਾਰਨ ਉਸ ਨੂੰ ਹਸਪਤਾਲ ਲਿਜਾਇਆ ਗਿਆ ਹੈ। ਜਿੱਥੇ ਉਸ ਨੇ ਦਮ ਤੋੜ ਦਿੱਤਾ ਹੈ। ਜਦੋਂ ਉਹ ਹਸਪਤਾਲ ਪਹੁੰਚੇ ਅਤੇ ਫਾਈਲ ਦੇਖੀ ਤਾਂ ਉਸ ਉਤੇ ਬਰਾਂਟ ਡੈਡ ਲਿਖਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਮਹਿੰਦਰ ਸਿੰਘ ਦੀ ਮੌਤ ਜੇਲ੍ਹ ਪ੍ਰਸ਼ਾਸਨ ਦੀ ਲਾਪ੍ਰਵਾਹੀ ਕਾਰਨ ਹੋਈ ਹੈ। ਮ੍ਰਿਤਕ ਦੀ ਪਤਨੀ ਬਲਜਿੰਦਰ ਕੌਰ ਅਤੇ ਭਰਾ ਗੁਰਪ੍ਰੀਤ ਸਿੰਘ ਨੇ ਜੇਲ੍ਹ ਪ੍ਰਸ਼ਾਸ਼ਨ ਉਤੇ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਦੋ ਦਿਨਾਂ ਤੋਂ ਮਹਿੰਦਰ ਆਪਣੀ ਖਰਾਬ ਸਿਹਤ ਬਾਰੇ ਕਹਿ ਰਿਹਾ ਸੀ ਅਤੇ ਦੱਸ ਰਿਹਾ ਸੀ ਕਿ ਉਸ ਦਾ ਇਲਾਜ ਨਹੀਂ ਕਰਵਾਇਆ ਜਾ ਰਿਹਾ।
ਇੰਨਾ ਹੀ ਨਹੀਂ ਜੇਲ੍ਹ ਪ੍ਰਸ਼ਾਸਨ ਕੈਦੀਆਂ ਨੂੰ ਵਿਸ਼ੇਸ਼ ਮੋਬਾਈਲ ਐਪਲੀਕੇਸ਼ਨ ਰਾਹੀਂ ਪੈਸੇ ਦੇਣ ਲਈ ਮਜਬੂਰ ਕਰ ਰਿਹਾ ਹੈ। ਇਸ ਲਈ ਸਾਰੇ ਕੈਦੀਆਂ ਨੂੰ ਪ੍ਰੇਸ਼ਾਨ ਵੀ ਕੀਤਾ ਜਾ ਰਿਹਾ ਹੈ। ਇਸ ਮਾਮਲੇ ਤੇ ਐਸ. ਐਸ. ਪੀ. ਤਰਨਤਾਰਨ ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਪੋਸਟ ਮਾਰਟਮ ਲਈ ਅਦਾਲਤੀ ਪ੍ਰਕਿਰਿਆ ਅਪਣਾਈ ਜਾਵੇਗੀ। ਇਸ ਦੌਰਾਨ ਵੀਡੀਓ ਗ੍ਰਾਫੀ ਕੀਤੀ ਜਾਵੇਗੀ। ਇਸ ਦੇ ਲਈ ਸਿਵਲ ਹਸਪਤਾਲ ਨੂੰ ਮੈਡੀਕਲ ਬੋਰਡ ਦਾ ਗਠਨ ਕਰਨ ਲਈ ਵੀ ਕਿਹਾ ਗਿਆ ਹੈ। ਮੈਡੀਕਲ ਲੀਗਲ ਰਿਪੋਰਟ (ਐਮਐਲਆਰ) ਦੇ ਆਧਾਰ ਉਤੇ ਪੁਲਿਸ ਅਗਲੀ ਕਾਰਵਾਈ ਕਰੇਗੀ।