ਇਹ ਸਮਾਚਾਰ ਪੰਜਾਬ ਦੇ ਜਿਲ੍ਹਾ ਨਵਾਂਸ਼ਹਿਰ ਤੋਂ ਪ੍ਰਾਪਤ ਹੋਇਆ ਹੈ। ਜ਼ਿਲ੍ਹਾ ਪੁਲੀਸ ਨੇ ਵੀਰਵਾਰ ਨੂੰ ਬਲਾਚੌਰ ਦੇ ਜੰਗਲ ਵਿੱਚੋਂ ਮਿਲੀ ਮ੍ਰਿਤਕ ਦੇਹ ਦੀ ਸ਼ਨਾਖਤ ਕਰਦਿਆਂ ਕ-ਤ-ਲ ਦੇ ਦੋਵਾਂ ਦੋਸ਼ੀਆਂ ਨੂੰ 24 ਘੰਟੇ ਦੇ ਅੰਦਰ ਗ੍ਰਿਫ਼ਤਾਰ ਕਰ ਲਿਆ ਹੈ। ਮਹਿਲਾ ਦਾ 5 ਫਰਵਰੀ ਨੂੰ ਉਸ ਦੇ ਪਤੀ ਅਤੇ ਪਤੀ ਦੇ ਦੋਸਤ ਨੇ ਕ-ਤ-ਲ ਕਰ ਦਿੱਤਾ ਸੀ। ਬਲਾਚੌਰ ਦੇ ਪਿੰਡ ਭੱਦੀ ਦੇ ਜੰਗਲਾਂ ਵਿਚ ਔਰਤ ਦਾ ਕ-ਤ-ਲ ਕਰਕੇ ਦੇਹ ਨੂੰ ਸੁੱਟ ਦਿੱਤਾ ਗਿਆ ਸੀ। ਇਸ ਮਾਮਲੇ ਸਬੰਧੀ ਐੱਸ.ਐੱਸ.ਪੀ ਭਗੀਰਥ ਸਿੰਘ ਮੀਣਾ ਨੇ ਦੱਸਿਆ ਕਿ 9 ਫਰਵਰੀ ਨੂੰ ਬਲਾਚੌਰ ਪੁਲਿਸ ਨੂੰ ਭੱਦੀ ਤੋਂ ਨੂਰਪੁਰ ਸੜਕ ਉਤੇ ਜੰਗਲ ਵਿਚ ਇਕ ਅਣਪਛਾਤੀ ਮਹਿਲਾ ਦੀ ਦੇਹ ਪਈ ਹੋਣ ਦੀ ਸੂਚਨਾ ਮਿਲੀ ਸੀ।
ਜਿਸ ਤੋਂ ਬਾਅਦ ਦੇਹ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਬਲਾਚੌਰ ਲਿਆਂਦਾ ਗਿਆ। ਜਿੱਥੇ ਮਹਿਲਾ ਦੀ ਪਹਿਚਾਣ ਕਿਰਨ ਦੇਵੀ ਉਮਰ 23 ਸਾਲ ਵਾਸੀ ਪਿੰਡ ਹਸਨਪੁਰ ਕਲਾਂ ਥਾਣਾ ਕਾਠਗੜ੍ਹ ਦੇ ਰੂਪ ਵਜੋਂ ਹੋਈ ਹੈ। ਮ੍ਰਿਤਕ ਦੀ ਮਾਤਾ ਕਮਲੇਸ਼ ਰਾਣੀ ਵਾਸੀ ਸੈਲਾ ਕਲਾਂ ਕਾਲੋਨੀ, ਥਾਣਾ ਸਮੁੰਦੜਾ, ਜ਼ਿਲ੍ਹਾ ਹੁਸ਼ਿਆਰਪੁਰ ਦੀ ਰਹਿਣ ਵਾਲੀ ਨੇ ਬਿਆਨ ਦਰਜ ਕਰਵਾਇਆ ਕਿ ਉਸ ਦੀ ਲੜਕੀ ਦਾ ਵਿਆਹ ਸਾਲ 2021 ਵਿਚ ਸ਼ਰਨਜੀਤ ਸਿੰਘ ਵਾਸੀ ਹਸਨਪੁਰ ਦੇ ਨਾਲ ਹੋਇਆ ਸੀ। ਜਿਸ ਦੀ ਇੱਕ ਸਾਲ ਦੀ ਬੇਟੀ ਹੈ। ਸ਼ਰਨਜੀਤ ਸਿੰਘ ਆਪਣੇ ਦੋਸਤ ਰੋਹਿਤ ਕੁਮਾਰ ਵਾਸੀ ਪਿੰਡ ਪਰਾਗਪੁਰ ਦੇ ਨਾਲ ਅਕਸਰ ਉਸ ਦੀ ਕਾਰ ਵਿੱਚ ਘਰ ਆਉਂਦਾ ਸੀ ਅਤੇ ਸ਼ਰਾਬ ਪੀ ਕੇ ਉਸ ਦੀ ਬੇਟੀ ਦੀ ਕੁੱਟ ਮਾਰ ਕਰਦਾ ਸੀ।
ਜਿਸ ਕਾਰਨ ਉਸ ਦੀ ਲੜਕੀ ਆਪਣੇ ਪਤੀ ਤੋਂ ਵੱਖ ਹੋ ਕੇ ਨਵਾਂਸ਼ਹਿਰ ਵਿਖੇ ਕਿਰਾਏ ਤੇ ਮਕਾਨ ਲੈ ਕੇ ਰਹਿਣ ਲੱਗ ਪਈ। 5 ਫਰਵਰੀ ਨੂੰ ਜਦੋਂ ਉਹ ਨਵਾਂਸ਼ਹਿਰ ਆਪਣੀ ਧੀ ਕੋਲ ਆਈ ਹੋਈ ਸੀ ਤਾਂ ਉਸ ਦੀ ਲੜਕੀ ਨੇ ਦੱਸਿਆ ਕਿ ਉਸ ਦੀ ਬੇਟੀ ਦਾ ਜਨਮ ਦਿਨ 8 ਫਰਵਰੀ ਨੂੰ ਆ ਰਿਹਾ ਹੈ, ਇਸ ਲਈ ਉਸ ਦੇ ਪਤੀ ਨੇ ਉਸ ਨੂੰ ਤੋਹਫ਼ਾ ਖਰੀਦਣ ਲਈ ਬਲਾਚੌਰ ਬੁਲਾਇਆ ਹੈ। ਉਹ 5 ਫਰਵਰੀ ਨੂੰ ਬਲਾਚੌਰ ਲਈ ਘਰੋਂ ਗਈ ਸੀ ਪਰ ਵਾਪਸ ਨਹੀਂ ਆਈ। ਜਿਸ ਦੀ ਮ੍ਰਿਤਕ ਦੇਹ ਜੰਗਲ ਵਿਚੋਂ ਬਰਾਮਦ ਕੀਤੀ ਗਈ ਹੈ। ਮ੍ਰਿਤਕ ਦੀ ਮਾਤਾ ਨੇ ਉਸ ਦੀ ਧੀ ਦੇ ਕ-ਤ-ਲ ਵਿਚ ਉਸ ਦੇ ਪਤੀ ਸ਼ਰਨਜੀਤ ਸਿੰਘ ਅਤੇ ਉਸ ਦੇ ਦੋਸਤ ਰੋਹਿਤ ਦਾ ਹੱਥ ਹੋਣ ਦਾ ਸ਼ੱ-ਕ ਪ੍ਰਗਟਾਇਆ।
ਕਮਲੇਸ਼ ਰਾਣੀ ਦੇ ਬਿਆਨਾਂ ਉਤੇ ਥਾਣਾ ਬਲਾਚੌਰ ਵਿੱਚ ਸ਼ਰਨਜੀਤ ਸਿੰਘ ਅਤੇ ਉਸ ਦੇ ਦੋਸਤ ਰੋਹਿਤ ਖ਼ਿਲਾਫ਼ ਧਾਰਾ 302 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਘਟਨਾ ਦੀ ਗੁੱਥੀ ਸੁਲਝਾਉਣ ਦੇ ਲਈ ਐਸ. ਪੀ. (ਪੀਬੀਆਈ) ਇਕਬਾਲ ਸਿੰਘ, ਡੀ. ਐਸ. ਪੀ. ਬਲਾਚੌਰ ਦਵਿੰਦਰ ਸਿੰਘ, ਡੀ. ਐਸ. ਪੀ. (ਐਚਐਂਡਐਫ) ਸੁਰਿੰਦਰ ਚੰਦ, ਸੀ. ਆਈ. ਏ. ਇੰਚਾਰਜ ਅਵਤਾਰ ਸਿੰਘ ਅਤੇ ਇੰਸਪੈਕਟਰ ਜਰਨੈਲ ਸਿੰਘ ਦੀ ਅਗਵਾਈ ਵਿੱਚ ਇੱਕ ਟੀਮ ਦਾ ਗਠਨ ਕੀਤਾ ਗਿਆ ਸੀ। ਜਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਸ਼ਰਨਜੀਤ ਸਿੰਘ ਅਤੇ ਰੋਹਿਤ ਨੂੰ ਗ੍ਰਿਫਤਾਰ ਕਰ ਲਿਆ।
ਦੋਸ਼ੀਆਂ ਤੋਂ ਪੁੱਛ ਗਿੱਛ ਕਰਨ ਉਤੇ ਇਹ ਗੱਲ ਸਾਹਮਣੇ ਆਈ ਕਿ ਸ਼ਰਨਜੀਤ ਸਿੰਘ ਨੇ ਕਿਰਨ ਦੇਵੀ ਨੂੰ ਤੋਹਫ਼ਾ ਖਰੀਦਣ ਦੇ ਬਹਾਨੇ ਬਲਾਚੌਰ ਬੁਲਾਇਆ ਅਤੇ ਰੋਹਿਤ ਦੀ ਆਲਟੋ ਕਾਰ ਵਿੱਚ ਉਸ ਨੂੰ ਭੱਦੀ ਨੂਰਪੁਰ ਰੋਡ ਉਤੇ ਲੈ ਗਿਆ, ਜਿੱਥੇ ਚੁੰਨੀ ਨਾਲ ਉਸ ਦਾ ਗਲ ਦਬਾ ਕੇ ਕ-ਤ-ਲ ਕਰ ਦਿੱਤਾ ਅਤੇ ਦੇਹ ਨੂੰ ਜੰਗਲ ਵਿੱਚ ਹੀ ਸੁੱਟ ਦਿੱਤਾ। ਪੁਲੀਸ ਨੇ ਦੋਸ਼ੀਆਂ ਵੱਲੋਂ ਵਾਰ-ਦਾਤ ਵਿੱਚ ਵਰਤੀ ਗਈ ਕਾਰ ਬਰਾਮਦ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।