ਹਰਿਆਣਾ ਵਿਚ ਪਾਣੀਪਤ ਦੇ ਪਿੰਡ ਗੜ੍ਹੀ ਨਵਾਬ ਵਿਚ ਦੂਸਰਾ ਵਿਆਹ ਕਰਦੇ ਹੋਏ ਪਤਨੀ ਨੇ ਪਤੀ ਨੂੰ ਫੜ ਲਿਆ। ਇੱਥੇ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਪਿੰਡ ਮੁਰਲੀ ਦਾ ਪਰਮਜੀਤ ਸਿੰਘ ਆਪਣਾ ਦੂਜਾ ਵਿਆਹ ਕਰਵਾਉਣ ਲਈ ਪਹੁੰਚਿਆ ਸੀ। ਵਿਆਹ ਦੇ ਰੰਗ ਵਿੱਚ ਉਸ ਸਮੇਂ ਭੰਗ ਪੈ ਗਈ ਜਦੋਂ ਪਹਿਲੀ ਪਤਨੀ ਚਰਨਜੀਤ ਕੌਰ ਵੀ ਮੌਕੇ ਉਤੇ ਪਹੁੰਚ ਗਈ। ਔਰਤ ਨੇ ਮੌਕੇ ਉਤੇ ਹੀ ਹੰਗਾਮਾ ਕਰ ਦਿੱਤਾ ਅਤੇ 112 ਨੰਬਰ ਤੇ ਕਾਲ ਕਰਕੇ ਪੁਲਿਸ ਨੂੰ ਬੁਲਾ ਲਿਆ। ਬਾਪੋਲੀ ਥਾਣਾ ਪੁਲਿਸ ਦੋਵੇਂ ਧਿਰਾਂ ਨੂੰ ਥਾਣੇ ਲੈ ਗਈ। ਪਰ ਕਾਰਵਾਈ ਦੇ ਨਾਮ ਉਤੇ ਪਹਿਲੀ ਪਤਨੀ ਪੱਖ ਨੂੰ ਦੇਰ ਰਾਤ 11 ਵਜੇ ਤੱਕ ਥਾਣੇ ਵਿਚ ਬਿਠਾ ਕੇ ਰੱਖਿਆ ਗਿਆ। ਇਸ ਤੋਂ ਬਾਅਦ ਕਿਹਾ ਕਿ ਕੋਈ ਕਾਰਵਾਈ ਨਹੀਂ ਬਣਦੀ ਅਤੇ ਉਥੋਂ ਭੇਜ ਦਿੱਤਾ।
ਕੀ ਹੈ ਪੂਰਾ ਮਾਮਲਾ
ਜੀਂਦ ਜ਼ਿਲ੍ਹੇ ਦੇ ਪਿੰਡ ਰੋਡ ਦੀ ਰਹਿਣ ਵਾਲੀ ਚਰਨਜੀਤ ਕੌਰ ਨੇ ਦੱਸਿਆ ਕਿ ਉਸ ਦਾ ਵਿਆਹ 6 ਫਰਵਰੀ 2012 ਨੂੰ ਪਿੰਡ ਮੁਰਲੀ ਦੇ ਰਹਿਣ ਵਾਲੇ ਪਰਮਜੀਤ ਸਿੰਘ ਨਾਲ ਹੋਇਆ ਸੀ। ਇਸੇ ਦਿਨ ਉਸ ਦੀ ਭੈਣ ਕੁਲਵੰਤ ਕੌਰ ਦਾ ਵਿਆਹ ਵੀ ਉਸ ਦੇ ਪਤੀ ਪਰਮਜੀਤ ਸਿੰਘ ਦੇ ਭਰਾ ਬਲਵਿੰਦਰ ਸਿੰਘ ਨਾਲ ਵਿਆਹ ਹੋਇਆ ਸੀ। ਵਿਆਹ ਤੋਂ ਬਾਅਦ ਦੋਵਾਂ ਜੋੜਿਆਂ ਵਿਚ ਮਨਮੁਟਾਵ ਰਹਿਣ ਲੱਗਿਆ। ਤਿੰਨ ਸਾਲ ਬਾਅਦ ਚਰਨਜੀਤ ਕੌਰ ਦੇ ਘਰ ਧੀ ਨੇ ਜਨਮ ਲਿਆ। ਪਰ ਭੈਣ ਕੁਲਵੰਤ ਕੌਰ ਨੂੰ ਕੋਈ ਬੱਚਾ ਨਹੀਂ ਹੋਇਆ। ਇੱਥੋਂ ਹੀ ਕਹਾਣੀ ਹੋਰ ਵਿਗੜ ਗਈ। ਦੋਵਾਂ ਭੈਣਾਂ ਦੇ ਚਰਿੱਤਰ ਊਤੇ ਸਵਾਲ ਉਠਾਏ ਜਾਣ ਲੱਗੇ। ਇਸ ਤੋਂ ਬਾਅਦ ਬੱਚੇ ਸਮੇਤ ਦੋਵੇਂ ਭੈਣਾਂ ਨੂੰ ਘਰੋਂ ਬਾਹਰ ਕੱਢ ਦਿੱਤਾ ਗਿਆ। ਉਹ ਕਰੀਬ 7 ਸਾਲਾਂ ਤੋਂ ਆਪਣੇ ਪੇਕੇ ਘਰ ਰਹਿ ਰਹੀ ਹੈ।
ਚਰਨਜੀਤ ਕੌਰ ਮੁਤਾਬਕ ਦਿਨੋ ਦਿਨ ਵੱਧ ਰਹੇ ਕਲੇਸ਼ ਕਾਰਨ ਉਸ ਨੇ ਆਪਣੇ ਪਤੀ ਪਰਮਜੀਤ ਸਿੰਘ ਖਿਲਾਫ ਸਫੀਦੋਂ ਥਾਣੇ ਵਿਚ ਕੇਸ ਦਰਜ ਕਰਵਾਇਆ ਸੀ। ਹੁਣ ਉਨ੍ਹਾਂ ਵਿਚਕਾਰ ਦਾਜ ਅਤੇ ਖਰਚੇ ਨੂੰ ਲੈ ਕੇ ਅਦਾਲਤੀ ਕੇਸ ਚੱਲ ਰਿਹਾ ਹੈ। ਲੰਮੀ ਸੁਣਵਾਈ ਤੋਂ ਬਾਅਦ ਅਦਾਲਤ ਨੇ ਦੋਵਾਂ ਭੈਣਾਂ ਦਾ ਮਾਮੂਲੀ ਖਰਚਾ ਵੀ ਤੈਅ ਕਰ ਦਿੱਤਾ। ਕੁਝ ਸਮੇਂ ਤੱਕ ਤਾਂ ਦੋਵੇਂ ਆਰੋਪੀ ਪਤੀਆਂ ਨੇ ਖਰਚਾ ਦਿੱਤਾ। ਫਿਰ ਬੰਦ ਕਰ ਦਿੱਤਾ। ਜਿਸ ਤੋਂ ਬਾਅਦ ਉਹ ਜੇਲ੍ਹ ਵੀ ਗਏ। ਦੋਵਾਂ ਪਾਸਿਆਂ ਤੋਂ ਕਿਸੇ ਨੇ ਵੀ ਤਲਾਕ ਦਾ ਕੇਸ ਦਰਜ ਨਹੀਂ ਕਰਵਾਇਆ। ਚਰਨਜੀਤ ਕੌਰ ਦਾ ਕਹਿਣਾ ਹੈ ਕਿ ਉਸ ਦੀ ਭੈਣ ਦੇ ਪਤੀ ਬਲਵਿੰਦਰ ਸਿੰਘ ਨੇ ਕਰੀਬ 1 ਸਾਲ ਪਹਿਲਾਂ ਦੂਜਾ ਵਿਆਹ ਵੀ ਕਰਵਾ ਲਿਆ ਹੈ। ਪਰ ਪੁਲਿਸ ਇਸ ਗੱਲ ਦਾ ਸਬੂਤ ਮੰਗਦੀ ਹੈ।
ਪਰਮਜੀਤ ਸਿੰਘ 10 ਫਰਵਰੀ ਨੂੰ ਆਪਣੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਦੀ ਮਿਲੀ ਭੁਗਤ ਨਾਲ ਦੂਜਾ ਵਿਆਹ ਕਰਵਾਉਣ ਲਈ ਪਾਣੀਪਤ ਦੇ ਪਿੰਡ ਗੜ੍ਹੀ ਨਵਾਬ ਪਹੁੰਚ ਗਿਆ। ਉਸ ਨੇ ਆਪਣੀ ਧੀ ਅਤੇ ਪਤਨੀ ਬਾਰੇ ਕੁਝ ਨਹੀਂ ਸੋਚਿਆ। ਚਰਨਜੀਤ ਕੌਰ ਨੂੰ ਜਦੋਂ ਦੂਜੇ ਵਿਆਹ ਦੀ ਸੂਹ ਮਿਲੀ ਤਾਂ ਉਹ ਆਪਣੇ ਮਾਤਾ ਪਿਤਾ ਸਮੇਤ ਮੌਕੇ ਉਤੇ ਪਹੁੰਚ ਗਈ। ਜਿੱਥੇ ਪਤੀ ਦੂਜੇ ਵਿਆਹ ਦੀ ਰਸਮ ਨਿਭਾ ਰਿਹਾ ਸੀ। ਗੁਰਦੁਆਰਾ ਸਾਹਿਬ ਵਿਚ ਰਸਮਾਂ ਹੋ ਰਹੀਆਂ ਸਨ। ਉਸ ਨੇ ਲੜਕੀ ਦੇ ਰਿਸ਼ਤੇਦਾਰਾਂ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ ਪਰ ਉਹ ਅਣਜਾਣ ਬਣਨ ਲੱਗੇ। ਇਸ ਉਤੇ ਚਰਨਜੀਤ ਕੌਰ ਨੇ ਹੰਗਾਮਾ ਕੀਤਾ, 112 ਉਤੇ ਕਾਲ ਕੀਤੀ ਅਤੇ ਪੁਲਿਸ ਨੂੰ ਬੁਲਾ ਕੇ ਵਿਆਹ ਰੁਕਵਾ ਦਿੱਤਾ।
ਬਾਪੋਲੀ ਥਾਣਾ ਇੰਚਾਰਜ ਸਬ-ਇੰਸਪੈਕਟਰ ਮਹਾਵੀਰ ਸਿੰਘ ਦਾ ਕਹਿਣਾ ਹੈ ਕਿ ਉਕਤ ਮਾਮਲੇ ਵਿਚ ਸਫੀਦੋਂ ਥਾਣੇ ਵਿਚ ਪਹਿਲਾਂ ਹੀ ਕੇਸ ਦਰਜ ਹੈ। ਅਜਿਹੇ ਵਿੱਚ ਇੱਥੇ ਕੋਈ ਕਾਰਵਾਈ ਨਹੀਂ ਬਣਦੀ। ਹਾਲਾਂਕਿ, ਕੋਈ ਵੀ ਤਲਾਕ ਦੇ ਕਾਗਜ਼ ਪੇਸ਼ ਨਹੀਂ ਕਰ ਸਕਿਆ। ਪਹਿਲੇ ਤਲਾਕ ਹੋਏ ਤੋਂ ਬਿਨਾਂ ਦੂਜਾ ਵਿਆਹ ਕਰਵਾਉਣਾ ਅਪਰਾਧ ਦੀ ਸ਼੍ਰੇਣੀ ਵਿੱਚ ਆਉਂਦਾ ਸੀ। ਅਜੇ ਵਿਆਹ ਨਹੀਂ ਹੋਇਆ ਸੀ।