ਪੰਜਾਬ ਦੇ ਜਿਲ੍ਹਾ ਲੁਧਿਆਣਾ ਵਿੱਚ ਇਕ ਤੇਜ਼ ਰਫ਼ਤਾਰ ਥਾਰ ਵਲੋਂ ਤਬਾਹੀ ਮਚਾ ਦੇਣ ਦੀ ਵੀਡੀਓ ਸਾਹਮਣੇ ਆਈ ਹੈ। ਇਹ ਵੀਡੀਓ ਚੌੜਾ ਬਾਜ਼ਾਰ ਦੀ ਹੈ। ਇੱਥੇ ਇੱਕ ਦੁਕਾਨ ਤੇ ਕੰਮ ਕਰਨ ਵਾਲਾ ਮੁੰਡਾ ਦੁਕਾਨ ਦੇ ਬਾਹਰ ਬਾਜ਼ਾਰ ਵਿੱਚ ਗਾਹਕਾਂ ਨੂੰ ਦੇਖ ਰਿਹਾ ਸੀ। ਉਦੋਂ ਅਚਾਨਕ ਹੀ ਇੱਕ ਤੇਜ਼ ਰਫ਼ਤਾਰ ਬੇਕਾਬੂ ਥਾਰ ਡਰਾਈਵਰ ਨੇ ਉਸ ਨੂੰ ਕੁ-ਚ-ਲ ਦਿੱਤਾ। ਇਸ ਦੇ ਨਾਲ ਹੀ ਆਪਣੀ ਭੈਣ ਦੇ ਵਿਆਹ ਲਈ ਖ੍ਰੀਦਦਾਰੀ ਕਰਨ ਲਈ ਆਏ ਦੋ ਭਰਾਵਾਂ ਨੂੰ ਵੀ ਕੁਚਲ ਦਿੱਤਾ। ਇਸ ਹਾਦਸੇ ਵਿੱਚ ਤਿੰਨੋਂ ਜਣੇ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਇਸ ਦੇ ਨਾਲ ਹੀ ਇਸ ਹਾਦਸੇ ਤੋਂ ਬਾਅਦ ਚੀਖ ਚਿਹਾੜਾ ਮਚ ਗਿਆ। ਆਸ ਪਾਸ ਦੇ ਦੁਕਾਨਦਾਰ ਇਕੱਠੇ ਹੋ ਗਏ।
ਦੁਕਾਨਦਾਰਾਂ ਨੇ ਥਾਰ ਡਰਾਈਵਰ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਫਰਾਰ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਆਰੋਪੀ ਨੌਜਵਾਨ ਨੇੜੇ ਦੇ ਇਲਾਕੇ ਦਾ ਹੀ ਹੈ। ਪੁਲਿਸ ਵਲੋਂ ਆਰੋਪੀ ਦੀ ਪਛਾਣ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ 2 ਨੌਜਵਾਨ ਫਤਿਹਗੜ੍ਹ ਸਾਹਿਬ ਤੋਂ ਆਏ ਸਨ। ਇਸ ਹਾਦਸੇ ਵਿੱਚ ਜ਼ਖਮੀ ਹੋਏ ਤਿੰਨੋਂ ਨੌਜਵਾਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਇਨ੍ਹਾਂ ਦੀ ਪਹਿਚਾਣ ਵਰੁਣ, ਸ਼ਰਨਜੀਤ ਸਿੰਘ ਅਤੇ ਮਨਿੰਦਰ ਸਿੰਘ ਵਜੋਂ ਹੋਈ ਹੈ। ਸ਼ਰਨਜੀਤ ਸਿੰਘ ਅਤੇ ਮਨਿੰਦਰ ਸਿੰਘ ਦੋਵੇਂ ਫਤਿਹਗੜ੍ਹ ਸਾਹਿਬ ਤੋਂ ਆਏ ਸਨ। ਸ਼ਰਨਜੀਤ ਸਿੰਘ ਅਤੇ ਵਰੁਣ ਦੀਆਂ ਲੱਤਾਂ ਵਿਚ ਫਰੈਕਚਰ ਹੋ ਗਿਆ ਹੈ। ਡਾਕਟਰਾਂ ਦੇ ਦੱਸਣ ਮੁਤਾਬਕ ਇਕ ਦੀ ਲੱਤ ਵਿਚ ਪਲੇਟਾਂ ਪਾਉਣੀਆਂ ਪੈਣਗੀਆਂ।
ਇਹ ਘਟਨਾ ਮੌਕੇ ਉਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਕੈਦ ਹੋ ਗਈ ਹੈ। ਲੋਕਾਂ ਦੀ ਸੂਚਨਾ ਤੋਂ ਬਾਅਦ ਥਾਣਾ ਕੋਤਵਾਲੀ ਦੀ ਪੁਲਸ ਨੇ ਮੌਕੇ ਉਤੇ ਪਹੁੰਚ ਕੇ ਕੈਮਰਿਆਂ ਦੀ ਫੁਟੇਜ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਪੁਲਿਸ ਦੇ ਦੱਸਣ ਅਨੁਸਾਰ ਥਾਰ ਨੂੰ ਕਬਜੇ ਵਿੱਚ ਲੈ ਲਿਆ ਗਿਆ ਹੈ। ਇਸ ਦੇ ਨਾਲ ਹੀ ਦੁਕਾਨਦਾਰ ਨੇ ਦੱਸਿਆ ਕਿ ਉਸ ਦਾ 1 ਲੱਖ ਤੋਂ ਵੱਧ ਦਾ ਨੁਕਸਾਨ ਹੋ ਗਿਆ ਹੈ।