ਮਹਿਲਾ ਨੇ ਵਿਆਹ ਪ੍ਰੋਗਰਾਮ ਰੋਕਿਆ, ਬਰਾਤ ਵਾਪਸ ਮੋੜੀ, ਇਹ ਹੈ ਮਾਮਲਾ

Punjab

ਸਨ 2019 ਵਿੱਚ ਵਿਆਹ ਹੋਇਆ ਸੀ ਅਤੇ ਪਤਨੀ ਦੋ ਸਾਲਾਂ ਤੋਂ ਆਪਣੇ ਪੇਕੇ ਘਰ ਵਿੱਚ ਰਹਿ ਰਹੀ ਸੀ। ਪਿੰਡ ਕੱਲਰ ਖੇੜਾ ਵਿੱਚ ਬੁੱਧਵਾਰ ਨੂੰ ਵਿਆਹੁਤਾ ਦੇ ਪਰਿਵਾਰਕ ਮੈਂਬਰਾਂ ਵੱਲੋਂ ਪਹਿਲੀ ਪਤਨੀ ਨੂੰ ਬਿਨਾਂ ਤਲਾਕ ਦਿੱਤੇ ਹੀ ਦੂਜਾ ਵਿਆਹ ਕਰਨ ਦਾ ਦੋਸ਼ ਲਾਉਂਦੇ ਹੋਏ ਇੱਕ ਵਿਆਹ ਨੂੰ ਰੋਕਿਆ ਗਿਆ ਅਤੇ ਕਾਫੀ ਹੰਗਾਮਾ ਵੀ ਹੋਇਆ। ਇਸ ਤੋਂ ਬਾਅਦ ਚੌਕੀ ਅਬੋਹਰ ਕੱਲਰ ਖੇੜਾ ਦੀ ਪੁਲਿਸ ਮੌਕੇ ਉਤੇ ਪਹੁੰਚੀ, ਜਿਸ ਨੇ ਦੋਵਾਂ ਧਿਰਾਂ ਨੂੰ ਥਾਣੇ ਵਿਚ ਬੁਲਾ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਹਾਲਾਂਕਿ, ਜਿਨ੍ਹਾਂ ਉਤੇ ਦੋਸ਼ ਲਗਾਏ ਗਏ ਹਨ, ਉਨ੍ਹਾਂ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਉਨ੍ਹਾਂ ਦੇ ਛੋਟੇ ਭਰਾ ਦਾ ਵਿਆਹ ਹੋ ਰਿਹਾ ਹੈ ਅਤੇ ਵਿਆਹ ਦੇ ਕਾਰਡ ਵਿਚ ਵੀ ਛੋਟੇ ਭਰਾ ਦਾ ਨਾਮ ਲਿਖਿਆ ਹੋਇਆ ਹੈ। ਪਰ ਵਿਵਾਦ ਕਾਫੀ ਵਧ ਜਾਣ ਦੇ ਕਾਰਨ ਇਹ ਮਾਮਲਾ ਥਾਣੇ ਪਹੁੰਚ ਗਿਆ।

ਜਾਣਕਾਰੀ ਮੁਤਾਬਕ ਪਿੰਡ ਕੱਲਰ ਖੇੜਾ ਵਿਖੇ ਬੁੱਧਵਾਰ ਨੂੰ ਇਕ ਵਿਆਹ ਸਮਾਗਮ ਚੱਲ ਰਿਹਾ ਸੀ ਜਦੋਂ ਉਥੇ ਪਿੰਡ ਪਾਲੀ ਵਾਲਾ ਦੀ ਰਹਿਣ ਵਾਲੀ ਕੁਲਜੀਤ ਕੌਰ ਆਪਣੀ 4 ਸਾਲਾ ਬੇਟੀ ਅਤੇ ਪਰਿਵਾਰਕ ਮੈਂਬਰਾਂ ਦੇ ਨਾਲ ਉਥੇ ਪਹੁੰਚੀ। ਮਹਿਲਾ ਨੇ ਦੋਸ਼ ਲਾਇਆ ਕਿ ਉਸ ਦਾ ਵਿਆਹ ਜਨਵਰੀ 2019 ਵਿੱਚ ਪਿੰਡ ਅਰਾਈਆਂ ਵਾਲਾ ਵਾਸੀ ਸੁਖਵਿੰਦਰਪਾਲ ਸਿੰਘ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਨ੍ਹਾਂ ਦੇ ਘਰ ਇਕ ਬੇਟੀ ਨੇ ਜਨਮ ਲਿਆ। ਪਰ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਦੋਹਾਂ ਵਿਚ ਕਿਸੇ ਗੱਲ ਨੂੰ ਲੈ ਕੇ ਨਰਾਜਗੀ ਹੋ ਗਈ, ਉਦੋਂ ਤੋਂ ਉਹ ਆਪਣੇ ਪੇਕੇ ਘਰ ਰਹਿ ਰਹੀ ਹੈ। ਉਦੋਂ ਤੋਂ ਉਸ ਦਾ ਪਤੀ ਉਸ ਨੂੰ ਪੇਕੇ ਘਰ ਤੋਂ ਲੈਣ ਵੀ ਨਹੀਂ ਆਇਆ ਅਤੇ ਨਾ ਹੀ ਉਸ ਨੂੰ ਤਲਾਕ ਦਿੱਤਾ। ਉਸ ਨੇ ਦੱਸਿਆ ਕਿ ਅੱਜ ਉਸ ਨੂੰ ਪਤਾ ਲੱਗਾ ਕਿ ਜਲਾਲਾਬਾਦ ਦੇ ਮੋਹਕਮ ਵਾਲਾ ਦਾ ਰਹਿਣ ਵਾਲਾ ਸੁਰਜੀਤ ਸਿੰਘ ਵਿਚੋਲਾ ਬਣ ਕੇ ਪਿੰਡ ਕੱਲਰ ਖੇੜਾ ਵਿੱਚ ਸੁਖਵਿੰਦਰਪਾਲ ਸਿੰਘ ਦਾ ਵਿਆਹ ਕਰਵਾ ਰਿਹਾ ਹੈ।

ਇਸ ਤੋਂ ਬਾਅਦ ਉਹ ਆਪਣੀ ਲੜਕੀ ਅਤੇ ਪਰਿਵਾਰਕ ਮੈਂਬਰਾਂ ਸਮੇਤ ਪਿੰਡ ਕੱਲਰ ਖੇੜਾ ਪਹੁੰਚੀ ਅਤੇ ਵਿਆਹ ਰੁਕਵਾ ਦਿੱਤਾ। ਮਹਿਲਾ ਨੇ ਦੋਸ਼ ਲਾਇਆ ਕਿ ਵਿਆਹ ਨੂੰ ਛੁਪਾਉਣ ਲਈ ਉਨ੍ਹਾਂ ਨੇ ਕਾਰਡ ਉਤੇ ਛੋਟੇ ਭਰਾ ਦਾ ਨਾਮ ਲਿਖਾਇਆ ਹੈ ਅਤੇ ਜਦੋਂ ਉਹ ਮੌਕੇ ਉਤੇ ਪਹੁੰਚੀ ਤਾਂ ਸੁਖਵਿੰਦਰਪਾਲ ਨੇ ਛੋਟਾ ਭਰਾ ਨੂੰ ਲਾੜਾ ਬਣਾ ਕੇ ਅੱਗੇ ਕਰ ਦਿੱਤਾ। ਉਂਜ, ਉਹ ਆਪ ਹੀ ਵਿਆਹ ਕਰਵਾਉਣ ਆਇਆ ਸੀ। ਉਨ੍ਹਾਂ ਨੇ ਪੁਲਿਸ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। ਜਦੋਂ ਵਿਆਹ ਦੇ ਪ੍ਰੋਗਰਾਮ ਵਿਚ ਪੁਲਿਸ ਪਹੁੰਚੀ ਅਤੇ ਵਿਆਹ ਨੂੰ ਵਿੱਚ ਹੀ ਰੁਕਵਾ ਦਿੱਤਾ ਤਾਂ ਸੁਖਵਿੰਦਰਪਾਲ ਨੇ ਕਿਹਾ ਕਿ ਉਸ ਦੀ ਪਤਨੀ ਵਲੋਂ ਉਸ ਉਤੇ ਦੂਜੇ ਵਿਆਹ ਦੇ ਝੂਠੇ ਦੋਸ਼ ਲਗਾਏ ਜਾ ਰਹੇ ਹਨ। ਅਸਲ ਵਿੱਚ ਉਸ ਦਾ ਵਿਆਹ ਨਹੀਂ ਹੋ ਰਿਹਾ। ਇਹ ਵਿਆਹ ਉਸ ਦੇ ਛੋਟੇ ਭਰਾ ਗੁਰਜਿੰਦਰ ਸਿੰਘ ਦਾ ਹੋ ਰਿਹਾ ਹੈ। ਉਸ ਨੇ ਪੁਲਿਸ ਨੂੰ ਕਾਰਡ ਵੀ ਦਿਖਾਇਆ, ਜਿਸ ਵਿੱਚ ਗੁਰਜਿੰਦਰ ਸਿੰਘ ਦਾ ਨਾਮ ਲਿਖਿਆ ਹੋਇਆ ਸੀ।

ਇਸ ਸਬੰਧੀ ਚੌਕੀ ਇੰਚਾਰਜ ਕੱਲਰਖੇੜਾ ਦਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਜੋ ਸ਼ਿਕਾਇਤ ਆਈ ਹੈ, ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ। ਬਰਾਤ ਵਾਪਿਸ ਭੇਜ ਦਿੱਤੀ ਗਈ ਹੈ। ਦੋਵੇਂ ਧਿਰਾਂ ਅਦਾਲਤ ਵਿੱਚ ਆਪਣੀਆਂ ਅਪੀਲਾਂ ਦਾਇਰ ਕਰਨਗੀਆਂ। ਜੋ ਵੀ ਕਾਨੂੰਨੀ ਕਾਰਵਾਈ ਹੋਵੇਗੀ, ਉਸ ਨੂੰ ਅਮਲੀ ਰੂਪ ਵਿਚ ਲਿਆਂਦਾ ਜਾਵੇਗਾ।

Leave a Reply

Your email address will not be published. Required fields are marked *