ਇਹ ਕਿਸਾਨੀ ਕਰਜ਼ੇ ਨਾਲ ਸਬੰਧਤ ਮਾਮਲਾ ਪੰਜਾਬ ਦੇ ਖੰਨਾ ਤੋਂ ਸਾਹਮਣੇ ਆਇਆ ਹੈ। ਇਥੇ ਕਰਜ਼ੇ ਤੋਂ ਦੁਖੀ ਪਿੰਡ ਗੰਢੂਆ ਦੇ ਰਹਿਣ ਵਾਲੇ ਇੱਕ ਕਿਸਾਨ ਨੇ ਰੇਲ ਅੱਗੇ ਆ ਕੇ ਆਪਣੇ ਜੀਵਨ ਨੂੰ ਸਮਾਪਤ ਕਰ ਲਿਆ ਹੈ। ਮ੍ਰਿਤਕ ਦੀ ਪਹਿਚਾਣ ਸਤਜੀਤ ਸਿੰਘ ਉਮਰ 36 ਸਾਲ ਪੁੱਤਰ ਸਵਰਗਵਾਸੀ ਜਸਵਿੰਦਰ ਸਿੰਘ ਪਿੰਡ ਗੰਡੂਆਂ ਦੇ ਰੂਪ ਵਜੋਂ ਹੋਈ ਹੈ। ਇਸ ਮਾਮਲੇ ਸਬੰਧੀ ਰੇਲਵੇ ਪੁਲਿਸ ਖੰਨਾ ਦੇ ਇੰਚਾਰਜ ਕੁਲਦੀਪ ਸਿੰਘ ਨੇ ਦੱਸਿਆ ਕਿ ਜਦੋਂ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਤੋਂ ਕਾਮਾਖਿਆ ਜਾਣ ਵਾਲੀ 15656 ਨੰਬਰ ਡਾਊਨ ਗੱਡੀ ਚਾਵਾ ਤੋਂ ਦਿੱਲੀ ਵਾਲੇ ਪਾਸੇ ਲੰਘੀ ਤਾਂ ਉੱਥੋਂ ਲੰਘਦੀ ਰੇਲਵੇ ਲਾਈਨ ਉਤੇ ਦਹੇੜੂ ਨੇੜੇ ਗੰਢੂਆਂ ਪਿੰਡ ਦੇ ਵਿਅਕਤੀ ਨੇ ਰੇਲ ਅੱਗੇ ਛਾਲ ਲਾ ਕੇ ਜਾ-ਨ ਦੇ ਦਿੱਤੀ।
ਟ੍ਰੇਨ ਰੋਕਣ ਤੋਂ ਬਾਅਦ ਲੋਕੋ ਪਾਇਲਟ ਵੱਲੋਂ ਮਾਮਲੇ ਦੀ ਸੂਚਨਾ ਚਾਵਾ ਚੌਕੀ ਇੰਚਾਰਜ ਕੁਲਵੰਤ ਸਿੰਘ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਚੌਕੀ ਇੰਚਾਰਜ ਕੁਲਵੰਤ ਸਿੰਘ ਸਣੇ ਪੁਲਿਸ ਪਾਰਟੀ ਮੌਕੇ ਉਤੇ ਪਹੁੰਚ ਗਏ। ਸਰਹਿੰਦ ਤੋਂ S.H.O. ਜੀ. ਆਰ. ਪੀ. ਵੀ ਮੌਕੇ ਉਤੇ ਪਹੁੰਚੇ। ਸਤਜੀਤ ਸਿੰਘ 7 ਕਿੱਲੇ ਵਿਚ ਖੇਤੀ ਕਰਦਾ ਸੀ ਪਰ ਉਸ ਦੇ ਸਿਰ ਉਤੇ ਕਰਜ਼ਾ ਲਗਾਤਾਰ ਵਧਦਾ ਜਾ ਰਿਹਾ ਸੀ। ਪਿਤਾ ਦੇ ਸਵਰਗਵਾਸ ਤੋਂ ਬਾਅਦ ਭੈਣਾਂ ਦਾ ਵਿਆਹ ਕੀਤਾ ਸੀ। ਹੁਣ ਉਸ ਦਾ 9 ਸਾਲ ਦਾ ਬੇਟਾ ਹੈ, ਜਿਸ ਦੀ ਪੜ੍ਹਾਈ ਦੇ ਨਾਲ-ਨਾਲ ਪਰਿਵਾਰ ਦਾ ਹੋਰ ਖਰਚਾ ਵੀ ਸਤਜੀਤ ਹੀ ਚਲਾਉਂਦਾ ਸੀ। ਇਸ ਕਾਰਨ ਪਰਿਵਾਰ ਸਿਰ ਬੈਂਕਾਂ ਦਾ ਕਰੀਬ 12 ਲੱਖ ਦਾ ਕਰਜ਼ਾ ਸੀ। ਜਿਸ ਕਾਰਨ ਸਤਜੀਤ ਸਿੰਘ ਦਿਮਾਗੀ ਤੌਰ ਉਤੇ ਅਪਸੈਟ ਰਹਿੰਦਾ ਸੀ। ਇਸ ਦੇ ਚੱਲਦੇ ਹੀ ਸਤਜੀਤ ਸਿੰਘ ਨੇ ਰੇਲ ਅੱਗੇ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਇਸ ਸਬੰਧੀ ਧਾਰਾ 174 ਤਹਿਤ ਕਾਰਵਾਈ ਕਰਦੇ ਹੋਏ ਰੇਲਵੇ ਪੁਲਿਸ ਨੇ ਪੋਸਟ ਮਾਰਟਮ ਤੋਂ ਬਾਅਦ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਹੈ। ਸਤਜੀਤ ਸਿੰਘ ਆਪਣੇ ਪਿਤਾ ਦੀ ਮੌ-ਤ ਤੋਂ ਬਾਅਦ ਪਰਿਵਾਰ ਸਿਰ ਚੜ੍ਹੇ ਕਰਜ਼ੇ ਨੂੰ ਉਤਾਰਨ ਦੀ ਪੂਰੀ ਕੋਸ਼ਿਸ਼ ਕਰ ਰਿਹਾ ਸੀ। ਸਤਜੀਤ ਸਿੰਘ 7 ਏਕੜ ਵਿੱਚ ਖੇਤੀ ਬਾੜੀ ਕਰਦਾ ਸੀ। ਕਰਜ਼ਾ ਉਤਾਰਨ ਲਈ ਉਸ ਨੇ 2 ਕਿੱਲੇ ਜ਼ਮੀਨ ਵੀ ਵੇਚ ਦਿੱਤੀ ਸੀ ਪਰ ਪਰਿਵਾਰਕ ਜ਼ਿੰਮੇਵਾਰੀਆਂ ਕਾਰਨ ਉਸ ਉਤੇ ਕਰਜ਼ਾ ਵਧਦਾ ਜਾ ਰਿਹਾ ਸੀ। ਇਸ ਸਮੱਸਿਆ ਨੇ ਉਸ ਦਾ ਜੀਵਨ ਲੈ ਲਿਆ।