ਇਹ ਦੁਖ-ਦਾਈ ਖਬਰ ਪੰਜਾਬ ਦੇ ਜ਼ਿਲ੍ਹਾ ਨਵਾਂਸ਼ਹਿਰ ਨੰਗਲ ਤੋਂ ਸਾਹਮਣੇ ਆਈ ਹੈ। ਇਥੇ ਜਵਾਹਰ ਮਾਰਕੀਟ ਨੰਗਲ ਇਲਾਕੇ ਵਿੱਚ ਨੰਗਲ ਹਾਈਡਲ ਨਹਿਰ ਦੇ ਵਿੱਚ ਇੱਕ ਚਾਚਾ ਅਤੇ ਭਤੀਜਾ ਅਚਾਨਕ ਹੀ ਨਹਿਰ ਵਿੱਚ ਡਿੱਗ ਗਏ। ਇਸ ਮਾਮਲੇ ਸਬੰਧੀ ਮਿਲੀ ਜਾਣਕਾਰੀ ਮੁਤਾਬਕ ਚਾਚਾ ਤਾਂ ਬਚ ਗਿਆ ਪਰ ਭਤੀਜਾ ਪਾਣੀ ਦੇ ਤੇਜ ਬਹਾਅ ਦੇ ਕਾਰਨ ਰੁੜ੍ਹ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਏ. ਟੀ. ਐਮ. ਲਾਉਣ ਵਾਲੀ ਕੰਪਨੀ ਵਲੋਂ 2 ਨੌਜਵਾਨ ਆਜ਼ਾਦ ਅਤੇ ਦਾਨਿਸ਼ ਮੁਰਾਦਾਬਾਦ ਦੇ ਰਹਿਣ ਵਾਲੇ, ਬੈਂਕ ਆਫ਼ ਬੜੌਦਾ ਦੀ ਜਵਾਹਰ ਮਾਰਕੀਟ ਸ਼ਾਖਾ ਵਿੱਚ ਏ. ਟੀ. ਐਮ. ਲਾਉਣ ਦੇ ਲਈ ਆਏ ਸਨ।
ਇਸ ਮੌਕੇ ਜਾਣਕਾਰੀ ਦਿੰਦਿਆਂ ਚਾਚਾ ਮੁਹੰਮਦ ਆਜ਼ਾਦ ਨੇ ਦੱਸਿਆ ਕਿ ਮੁਰਾਦਾਬਾਦ ਤੋਂ ਉਹ ਆਪਣੇ 19 ਸਾਲਾ ਭਤੀਜੇ ਦਾਨਿਸ਼ ਦੇ ਨਾਲ ਬੈਂਕ ਆਫ਼ ਬੜੌਦਾ ਦੀ ਜਵਾਹਰ ਮਾਰਕੀਟ ਸ਼ਾਖਾ ਵਿੱਚ ATM ਮਸੀਨ ਲਾਉਣ ਦੇ ਲਈ ਆਇਆ ਸੀ।
ਜਦੋਂ ਉਹ ਨਹਾਉਣ ਲਈ ਗਏ ਤਾਂ ਦਾਨਿਸ਼ ਦਾ ਪੈਰ ਤਿਲਕ ਗਿਆ ਅਤੇ ਉਹ ਨਹਿਰ ਵਿਚ ਡਿੱਗ ਗਿਆ ਅਤੇ ਮੈਂ ਵੀ ਉਸ ਨੂੰ ਬਚਾਉਣ ਦੇ ਲਈ ਨਹਿਰ ਵਿਚ ਉਤਰ ਗਿਆ ਪਰ ਉਸ ਨੂੰ ਬਚਾ ਨਹੀਂ ਸਕਿਆ। ਮੈਂ ਕਿਸੇ ਤਰ੍ਹਾਂ ਤੈਰ ਕੇ ਬਾਹਰ ਨਿਕਲਣ ਵਿਚ ਕਾਮਯਾਬ ਹੋ ਗਿਆ।
ਇਸ ਮਾਮਲੇ ਸਬੰਧੀ ਜਦੋਂ ਬੈਂਕ ਆਫ ਬੜੌਦਾ ਦੇ ਮੈਨੇਜਰ ਰੋਹਿਤ ਭਾਰਦਵਾਜ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਜਿਵੇਂ ਹੀ ਹਾਦਸੇ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਵਲੋਂ ਇਸ ਘਟਨਾ ਦੀ ਜਾਣਕਾਰੀ ਤੁਰੰਤ ਹੀ ਨੰਗਲ ਪੁਲੀਸ, ਵਾਰਡ ਦੇ ਕੌਂਸਲਰ ਤੋਂ ਇਲਾਵਾ ਸਬੰਧਤ ਕੰਪਨੀ ਨੂੰ ਵੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਦਾਨਿਸ਼ ਦੀ ਭਾਲ ਦੇ ਲਈ ਗੋਤਾ ਖੋਰਾਂ ਦੀ ਮਦਦ ਵੀ ਲਈ ਜਾ ਰਹੀ ਹੈ। ਇਸ ਮਾਮਲੇ ਸਬੰਧੀ ਜਦੋਂ ਥਾਣਾ ਨੰਗਲ ਦੇ ਐਸ. ਐਚ. ਓ. ਦਾਨਿਸ਼ਵੀਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਦਾਨਿਸ਼ ਦੀ ਨਹਿਰ ਵਿੱਚ ਪਾਣੀ ਦੇ ਤੇਜ਼ ਵਹਾਅ ਵਿਚ ਰੁੜ ਜਾਣ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਉਸ ਨੂੰ ਲੱਭਣ ਲਈ ਯਤਨ ਤੇਜ਼ ਕਰ ਦਿੱਤੇ ਗਏ ਹਨ।