ਹਰਿਆਣਾ ਵਿਚ ਝੱਜਰ ਦੇ ਪਿੰਡ ਦੁਜਾਨਾ ਵਿੱਚ ਇੱਕ ਅਣਪਛਾਤੇ ਵਾਹਨ ਨੇ ਸਕੂਟਰੀ ਸਵਾਰ ਦੋ ਦੋਸਤਾਂ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਦੋਵਾਂ ਦੋਸਤਾਂ ਦੀ ਮੌ-ਤ ਹੋ ਗਈ। ਇਨ੍ਹਾਂ ਦੋਵਾਂ ਵਿੱਚੋਂ ਇੱਕ ਫੌਜੀ ਜਵਾਨ ਸੀ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਦੋਵੇਂ ਸਕੂਟਰੀ ਤੇ ਸਵਾਰ ਹੋ ਕੇ ਪਿੰਡ ਮਹਾਰਾਣਾ ਤੋਂ ਘਰ ਆ ਰਹੇ ਸਨ। ਇਸ ਦੌਰਾਨ ਰਾਹ ਵਿੱਚ ਕਿਸੇ ਅਣਪਛਾਤੇ ਵਾਹਨ ਨੇ ਉਸ ਨੂੰ ਟੱਕਰ ਮਾਰ ਦਿੱਤੀ। ਇਸ ਘਟਨਾ ਤੋਂ ਬਾਅਦ ਅਣਪਛਾਤਾ ਵਾਹਨ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ। ਦੂਜੇ ਪਾਸੇ ਘਟਨਾ ਦਾ ਪਤਾ ਲੱਗਦੇ ਹੀ ਪਰਿਵਾਰਕ ਮੈਂਬਰਾਂ ਨੇ ਮੌਕੇ ਉਤੇ ਪਹੁੰਚ ਕੇ ਜ਼ਖ਼ਮੀਆਂ ਨੂੰ ਹਸਪਤਾਲ ਵਿਚ ਭਰਤੀ ਕਰਾਇਆ। ਜਿੱਥੇ ਡਾਕਟਰਾਂ ਨੇ ਮੁੱਢਲੀ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਜਿਨ੍ਹਾਂ ਦਾ ਪੋਸਟ ਮਾਰਟਮ ਰੋਹਤਕ ਪੀ. ਜੀ. ਆਈ. ਵਿਚ ਕਰਾਇਆ ਗਿਆ। ਸੜਕ ਹਾਦਸੇ ਤੋਂ ਬਾਅਦ ਪਿੰਡ ਵਿਚ ਸੋਗ ਹੈ।
ਇਸ ਸਬੰਧੀ ਝੱਜਰ ਦੇ ਪਿੰਡ ਦੁਜਾਨਾ ਵਾਸੀ ਜੈਵੀਰ ਨੇ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਦੱਸਿਆ ਕਿ ਸ਼ੁੱਕਰਵਾਰ ਰਾਤ ਨੂੰ ਉਹ ਦੁਜਾਨਾ ਚੌਕ ਵਿਚ ਸਥਿਤ ਕਬਾੜ ਦੀ ਦੁਕਾਨ ਉਤੇ ਸੀ। ਇਸੇ ਦੌਰਾਨ ਉਸ ਦਾ ਭਤੀਜਾ ਅਜੈ ਅਤੇ ਗੁਆਂਢ ਦਾ ਲੜਕਾ ਨਰਿੰਦਰ ਕੁਮਾਰ ਕਿਸੇ ਕੰਮ ਲਈ ਮਹਾਰਾਣਾ ਵਾਲੇ ਪਾਸੇ ਗਏ ਹੋਏ ਸਨ। ਦੋਵੇਂ ਸ਼ੁੱਕਰਵਾਰ ਰਾਤ ਸਕੂਟਰੀ ਉਤੇ ਸਵਾਰ ਹੋ ਕੇ ਮਹਾਰਾਣਾ ਤੋਂ ਵਾਪਸ ਆ ਰਹੇ ਸਨ। ਬੇਰੀ ਬਹਾਦੁਰਗੜ੍ਹ ਰੋਡ ਤੇ ਮਹਾਰਾਣਾ ਰੇਲਵੇ ਫਾਟਕ ਦੇ ਅੱਗੇ ਕਿਸੇ ਅਣਪਛਾਤੇ ਵਾਹਨ ਨੇ ਸਕੂਟਰੀ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਸਕੂਟਰੀ ਹਾਦਸਾ ਗ੍ਰਸਤ ਹੋ ਗਈ ਅਤੇ ਦੋਵਾਂ ਨੂੰ ਗੰਭੀਰ ਸੱਟਾਂ ਲੱਗ ਗਈਆਂ। ਇਸ ਦਾ ਪਤਾ ਲੱਗਦੇ ਹੀ ਪਰਿਵਾਰਕ ਮੈਂਬਰ ਮੌਕੇ ਤੇ ਪਹੁੰਚ ਗਏ। ਦੋਵਾਂ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਨਰਿੰਦਰ ਭਾਰਤੀ ਫੌਜ ਵਿੱਚ ਤਾਇਨਾਤ ਸੀ। ਉਹ ਇਨ੍ਹੀਂ ਦਿਨੀਂ ਛੁੱਟੀ ਉਤੇ ਘਰ ਆਇਆ ਹੋਇਆ ਸੀ। ਨਰਿੰਦਰ ਕੁਮਾਰ ਕਰੀਬ 7 ਸਾਲ ਪਹਿਲਾਂ ਫੌਜ ਵਿਚ ਭਰਤੀ ਹੋਇਆ ਸੀ। ਕਰੀਬ 3 ਸਾਲ ਪਹਿਲਾਂ ਉਸ ਦਾ ਵਿਆਹ ਹੋਇਆ ਸੀ। ਹੁਣ ਨਰਿੰਦਰ ਦੀ ਇੱਕ ਧੀ ਹੈ। ਇਸ ਹਾਦਸੇ ਤੋਂ ਬਾਅਦ ਪਰਿਵਾਰ ਵਿੱਚ ਸੋਗ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅਜੈ ਦਾ ਆਪਣਾ ਕੰਮ ਸੀ। ਉਸ ਨੇ ਇੱਕ ਟਰੈਵਲ ਏਜੰਸੀ ਲਈ ਹੋਈ ਸੀ। ਉਹ ਦਿੱਲੀ ਵਿੱਚ ਹਵਾਈ ਟਿਕਟਾਂ ਬੁੱਕ ਕਰਨ ਦਾ ਕੰਮ ਕਰਦਾ ਸੀ। ਅਜੇ ਦੇ ਦੋ ਜੁਆਕ ਹਨ ਵੱਡਾ ਪੁੱਤਰ ਦਿਵਿਤ ਅਤੇ ਛੋਟੀ ਧੀ ਜੀਵਿਕਾ ਹੈ। ਇਸ ਹਾਦਸੇ ਨੇ ਦੋਹਾਂ ਮਾਸੂਮਾਂ ਦੇ ਸਿਰਾਂ ਤੋਂ ਪਿਤਾ ਦਾ ਛਾਇਆ ਖੋਹ ਲਿਆ।
ਦੁਜਾਨਾ ਥਾਣੇ ਦੇ ਤਫਤੀਸ਼ੀ ਅਫਸਰ ਏ. ਐਸ. ਆਈ. ਰਾਮ ਅਵਤਾਰ ਨੇ ਦੱਸਿਆ ਕਿ ਮ੍ਰਿਤਕ ਅਜੈ ਦੇ ਚਾਚਾ ਜੈਵੀਰ ਦੇ ਬਿਆਨ ਦਰਜ ਕਰ ਲਏ ਗਏ ਹਨ। ਬਿਆਨਾਂ ਦੇ ਆਧਾਰ ਉਤੇ ਅਣਪਛਾਤੇ ਵਾਹਨ ਡਰਾਈਵਰ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।