ਪੰਜਾਬ ਸੂਬੇ ਵਿਚ ਜਿਲ੍ਹਾ ਮੁਹਾਲੀ ਦੇ ਪਿੰਡ ਬੜਾਣਾ ਵਿੱਚ ਸ਼ਾਮਲਾਟ ਜ਼ਮੀਨ ਵਿੱਚੋਂ ਨਾਜਾਇਜ਼ ਮਾਈਨਿੰਗ ਕਰ ਰਹੇ ਟ੍ਰੈਕਟਰ ਟ੍ਰਾਲੀ ਡਰਾਈਵਰਾਂ ਨੂੰ ਰੋਕਣ ਗਏ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨਾਲ ਸਬੰਧਤ ਕਿਸਾਨ ਆਗੂ ਨੂੰ ਦਰੜ ਕੇ ਮੌ-ਤ ਦੇ ਘਾਟ ਉਤਾਰ ਦਿੱਤਾ ਗਿਆ। ਮ੍ਰਿਤਕ ਦੀ ਪਹਿਚਾਣ ਗੁਰਚਰਨ ਸਿੰਘ ਉਮਰ 70 ਸਾਲ ਵਾਸੀ ਬਡਾਣਾ ਦੇ ਰੂਪ ਵਜੋਂ ਹੋਈ ਹੈ। ਪੁਲਿਸ ਨੇ ਦੋਸ਼ੀਆਂ ਦੀ ਪਹਿਚਾਣ ਜਸਵਿੰਦਰ ਸਿੰਘ ਉਰਫ਼ ਕਾਲਾ, ਜਸਵਿੰਦਰ ਸਿੰਘ ਉਰਫ਼ ਛਿੰਦਾ, ਹਰਵਿੰਦਰ ਸਿੰਘ ਉਰਫ਼ ਗੱਗੂ ਅਤੇ ਤਿੰਨ ਹੋਰ ਅਣਪਛਾਤੇ ਵਿਅਕਤੀਆਂ ਵਜੋਂ ਦੱਸੀ ਹੈ ਅਤੇ ਸਾਰੇ ਆਰੋਪੀਆਂ ਖ਼ਿਲਾਫ਼ ਕੇਸ ਦਰਜ ਕਰਕੇ ਇੱਕ ਦੋਸ਼ੀ ਜਸਵਿੰਦਰ ਸਿੰਘ ਉਰਫ਼ ਕਾਲਾ ਪੁੱਤਰ ਛੱਜੂ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਦੋਂ ਕਿ ਪੰਜ
ਥਾਣਾ ਹੰਡੇਸਰਾ ਦੇ ਇੰਸਪੈਕਟਰ ਸ਼ਿਵਦੀਪ ਸਿੰਘ ਬਰਾੜ ਨੇ ਦੱਸਿਆ ਕਿ ਮ੍ਰਿਤਕ ਗੁਰਚਰਨ ਸਿੰਘ ਦੇ ਪੁੱਤਰ ਭੁਪਿੰਦਰ ਸਿੰਘ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਪਿੰਡ ਬਡਾਣਾ ਦੀ ਸ਼ਾਮਲਾਟ ਜ਼ਮੀਨ ਵਿੱਚੋਂ ਮਾਈਨਿੰਗ ਕੀਤੀ ਜਾ ਰਹੀ ਸੀ। ਰਾਤ ਨੂੰ ਕਰੀਬ 11.30 ਵਜੇ ਮਾਈਨਿੰਗ ਮਸ਼ੀਨਾਂ ਦੀ ਆਵਾਜ਼ ਸੁਣ ਕੇ ਉਸ ਦੇ ਪਿਤਾ ਮੌਕੇ ਉਤੇ ਪਹੁੰਚੇ। ਮਹਿੰਦਰ ਸਿੰਘ ਪੁੱਤਰ ਸੁਰਮੁੱਖ ਸਿੰਘ ਬਡਾਣਾ ਵੀ ਉਨ੍ਹਾਂ ਦੇ ਨਾਲ ਸਨ। ਉਨ੍ਹਾਂ ਨੇ ਮੌਕੇ ਉਤੇ ਪਹੁੰਚ ਕੇ ਮਾਈਨਿੰਗ ਕਰ ਰਹੇ ਟ੍ਰੈਕਟਰ ਟ੍ਰਾਲੀ ਡਰਾਈਵਰ ਨੂੰ ਰੋਕ ਕੇ ਪੁੱਛਿਆ ਕਿ ਉਕਤ ਮਿੱਟੀ ਕਿੱਥੇ ਲਿਜਾਈ ਜਾ ਰਹੀ ਹੈ। ਟ੍ਰੈਕਟਰ ਡਰਾਈਵਰ ਨੇ ਦੱਸਿਆ ਕਿ ਹਰਵਿੰਦਰ ਸਿੰਘ ਗੱਗੂ ਪੁੱਤਰ ਕ੍ਰਿਪਾਲ ਸਿੰਘ ਇਸ ਮਿੱਟੀ ਨੂੰ ਕੱਢਵਾ ਰਿਹਾ ਹੈ। ਡਰਾਈਵਰ ਨੇ ਕਿਹਾ ਕਿ ਜਾਂ ਤਾਂ ਹਰਵਿੰਦਰ ਸਿੰਘ ਨੂੰ ਬੁਲਾ ਲਓ ਜਾਂ ਫਿਰ ਪੰਚਾਇਤ ਨੂੰ ਇੱਥੇ ਬੁਲਾ ਲਓ।
ਇਸ ਤੋਂ ਬਾਅਦ ਟ੍ਰੈਕਟਰ ਟ੍ਰਾਲੀ ਡਰਾਈਵਰ ਨੇ ਫੋਨ ਕਰਕੇ ਪੰਜ-ਸੱਤ ਨੌਜਵਾਨਾਂ ਨੂੰ ਬੁਲਾਇਆ ਅਤੇ ਉਨ੍ਹਾਂ ਨਾਲ ਬਹਿਸ ਕਰਦੇ ਹੋਏ ਕਿਹਾ ਕਿ ਟ੍ਰੈਕਟਰ ਟ੍ਰਾਲੀ ਨੂੰ ਜਾਣ ਦਿਓ, ਅਸੀਂ ਹਰਵਿੰਦਰ ਸਿੰਘ ਨੂੰ ਬੁਲਾ ਲਵਾਂਗੇ। ਅਜੇ ਉਨ੍ਹਾਂ ਨਾਲ ਬਹਿਸ ਚੱਲ ਰਹੀ ਸੀ ਕਿ ਉਦੋਂ ਹੀ ਚਾਰ ਨੌਜਵਾਨ ਉਥੇ ਪਹੁੰਚ ਗਏ। ਇਨ੍ਹਾਂ ਵਿੱਚ ਜਸਵਿੰਦਰ ਸਿੰਘ ਉਰਫ ਕਾਲਾ, ਜਸਵਿੰਦਰ ਸਿੰਘ ਉਰਫ ਛਿੰਦਾ ਵੀ ਸ਼ਾਮਲ ਸਨ। ਉਨ੍ਹਾਂ ਨੇ ਡਰਾਈਵਰ ਨੂੰ ਕਿਹਾ ਕਿ ਤੂੰ ਹੱਟਜਾ, ਅਸੀਂ ਟ੍ਰੈਕਟਰ ਟ੍ਰਾਲੀ ਚਲਾਉਂਦੇ ਹਾਂ। ਇਨ੍ਹਾਂ ਵਿੱਚੋਂ ਇੱਕ ਨੌਜਵਾਨ ਨੇ ਕਿਹਾ ਕਿ ਕੋਈ ਨਹੀਂ… ਪਿੱਛੇ ਹਟੋ, ਜੇਕਰ ਕੋਈ ਦਬਦਾ ਹੈ ਤਾਂ ਦਬ ਜਾਵੇ। ਇਸ ਮਗਰੋਂ ਜਸਵਿੰਦਰ ਸਿੰਘ ਉਰਫ਼ ਕਾਲਾ ਨੇ ਪਿਤਾ ਗੁਰਚਰਨ ਸਿੰਘ ਉਤੇ ਟਰੈਕਟਰ ਟਰਾਲੀ ਚੜ੍ਹਾ ਕੇ ਉਸ ਨੂੰ ਬੁਰੀ ਤਰ੍ਹਾਂ ਕੁ-ਚ-ਲ ਦਿੱਤਾ। ਉਸ ਨੇ ਅਤੇ ਗੁਰਪ੍ਰੀਤ ਸਿੰਘ ਨੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਮੌਕੇ ਤੋਂ ਫ਼ਰਾਰ ਹੋ ਗਏ।
ਗੁਰਪ੍ਰੀਤ ਅਤੇ ਹਰਜੀਤ ਸਿੰਘ ਦੀ ਮਦਦ ਨਾਲ ਪਿਤਾ ਨੂੰ ਤੁਰੰਤ ਸਰਕਾਰੀ ਹਸਪਤਾਲ ਡੇਰਾਬੱਸੀ ਵਿਖੇ ਪਹੁੰਚਾਇਆ ਗਿਆ। ਇੱਥੇ ਡਾਕਟਰਾਂ ਨੇ ਮੁੱਢਲੀ ਜਾਂਚ ਤੋਂ ਬਾਅਦ ਪਿਤਾ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪੁਲਿਸ ਨੇ ਮ੍ਰਿਤਕ ਦੇ ਪੁੱਤਰ ਭੁਪਿੰਦਰ ਸਿੰਘ ਦੇ ਬਿਆਨਾਂ ਉਤੇ ਉਪਰੋਕਤ ਸਾਰੇ ਆਰੋਪੀਆਂ ਖ਼ਿਲਾਫ਼ ਮਾਈਨਿੰਗ ਐਕਟ ਦੀ ਧਾਰਾ 302-379 ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਦੱਸਿਆ ਕਿ ਮੌਕੇ ਤੋਂ ਇੱਕ ਟ੍ਰੈਕਟਰ ਟ੍ਰਾਲੀ ਸਮੇਤ ਇੱਕ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਹੈ। ਪੁਲਿਸ ਨੇ ਬਾਕੀ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਪੋਸਟ ਮਾਰਟਮ ਕਰਵਾ ਕੇ ਮ੍ਰਿਤਕ ਸਰੀਰ ਵਾਰਸਾਂ ਦੇ ਹਵਾਲੇ ਕਰ ਦਿੱਤਾ ਹੈ। ਗੁਰਚਰਨ ਸਿੰਘ ਦਾ ਪਿੰਡ ਦੇ ਸ਼ਮਸ਼ਾਨਘਾਟ ਵਿਖੇ ਸਸਕਾਰ ਕਰ ਦਿੱਤਾ ਗਿਆ ਹੈ।
ਕਿਸਾਨ ਆਗੂ ਨੂੰ ਅੰਤਿਮ ਵਿਦਾਇਗੀ ਦੇਣ ਲਈ BKU ਉਗਰਾਹਾਂ ਦੇ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਪੁੱਜੇ। BKU ਏਕਤਾ ਉਗਰਾਹਾਂ ਬਲਾਕ ਡੇਰਾਬੱਸੀ ਦੇ ਪ੍ਰਧਾਨ ਲਖਵਿੰਦਰ ਸਿੰਘ ਹੈਪੀ ਨੇ ਦੱਸਿਆ ਕਿ ਮ੍ਰਿਤਕ ਗੁਰਚਰਨ ਸਿੰਘ BKU ਏਕਤਾ ਉਗਰਾਹਾਂ ਨਾਲ ਜੁੜੇ ਹੋਏ ਸਨ ਅਤੇ ਪਾਰਟੀ ਦੇ ਸੀਨੀਅਰ ਕਿਸਾਨ ਆਗੂ ਸਨ। ਸਥਾਨਕ ਲੋਕਾਂ ਨੇ ਦੱਸਿਆ ਕਿ ਪੰਜਾਬ ਵਿੱਚ ਖੁੱਲ੍ਹੇਆਮ ਮਿੱਟੀ ਦੀ ਨਾਜਾਇਜ਼ ਮਾਈਨਿੰਗ ਦਾ ਧੰਦਾ ਚੱਲ ਰਿਹਾ ਹੈ। ਸਰਕਾਰ ਇਸ ਨੂੰ ਰੋਕਣ ਵਿੱਚ ਨਾਕਾਮ ਦਿਸ ਰਹੀ ਹੈ।