ਇਹ ਗਮਗੀਨ ਸਮਾਚਾਰ ਸ੍ਰੀ ਮੁਕਤਸਰ ਸਾਹਿਬ ਤੋਂ ਸਾਹਮਣੇ ਆਇਆ ਹੈ। ਇਥੇ ਮੰਡੀ ਤੋਂ ਸਬਜ਼ੀ ਲੈ ਕੇ ਆ ਰਹੇ ਇਕ ਵਿਅਕਤੀ ਦੀ ਬੋਲੈਰੋ ਗੱਡੀ ਰਸਤੇ ਵਿਚ ਪੈਂਚਰ ਹੋ ਗਈ। ਜਿਸ ਨੂੰ ਉਹ ਮੁਕਤਸਰ ਤੋਂ ਬਠਿੰਡਾ ਰੋਡ ਉਤੇ ਪੈਂਦੇ ਪਿੰਡ ਭੁੱਲਰ ਦੇ ਪੈਟਰੋਲ ਪੰਪ ਨੇੜੇ ਸਵੇਰੇ ਸੱਤ ਵਜੇ ਦੇ ਕਰੀਬ ਜੈਕ ਲਾ ਕੇ ਟਾਇਰ ਬਦਲੀ ਕਰ ਰਿਹਾ ਸੀ। ਇਸ ਦੌਰਾਨ ਪਿੱਛੇ ਤੋਂ ਆ ਰਹੀ ਤੇਜ਼ ਰਫਤਾਰ ਇਨੋਵਾ ਗੱਡੀ ਨੇ ਉਸ ਨੂੰ ਜੋਰ ਨਾਲ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਪੈੱਚਰ ਹੋਇਆ ਟਾਇਰ ਬਦਲ ਰਹੇ ਵਿਅਕਤੀ ਦੀ ਕਾਰ ਦੇ ਹੇਠਾਂ ਆਉਣ ਕਾਰਨ ਮੌਕੇ ਉਤੇ ਹੀ ਮੌ-ਤ ਹੋ ਗਈ।
ਦੂਜੇ ਪਾਸੇ ਇਸ ਘਟਨਾ ਤੋਂ ਬਾਅਦ ਇਨੋਵਾ ਗੱਡੀ ਦਾ ਡਰਾਈਵਰ ਆਪਣੀ ਗੱਡੀ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਇਸ ਸਬੰਧੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ਊਤੇ ਪਹੁੰਚੀ ਥਾਣਾ ਸਦਰ ਦੀ ਪੁਲਿਸ ਵਲੋਂ ਦੇਹ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਾਇਆ ਗਿਆ। ਜਦੋਂ ਕਿ ਨੁਕਸਾਨੇ ਗਏ ਵਾਹਨਾਂ ਨੂੰ ਵੀ ਕਬਜ਼ੇ ਵਿਚ ਲੈ ਲਿਆ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਬੀਤੇ ਦਿਨ ਸਵੇਰੇ ਬਹੁਤ ਜ਼ਿਆਦਾ ਧੁੰਦ ਸੀ ਅਤੇ ਵਿਜ਼ੀਬਿਲਟੀ ਸਿਰਫ 10 ਮੀਟਰ ਤੱਕ ਰਿਕਾਰਡ ਕੀਤੀ ਗਈ ਸੀ। ਚਸ਼ਮਦੀਦਾਂ ਅਨੁਸਾਰ ਇਨੋਵਾ ਕਾਰ ਦਾ ਡਰਾਈਵਰ ਇਸ ਘਟਨਾ ਤੋਂ ਬਾਅਦ ਇਨੋਵਾ ਗੱਡੀ ਦੀਆਂ ਨੰਬਰ ਪਲੇਟਾਂ ਨੂੰ ਲਾਹ ਕੇ ਫਰਾਰ ਹੋ ਗਿਆ।
ਮ੍ਰਿਤਕ ਦੀ ਪਹਿਚਾਣ ਲਾਭ ਸਿੰਘ ਵਾਸੀ ਮਾਨ ਸਿੰਘ ਵਾਲਾ ਦੇ ਰੂਪ ਵਜੋਂ ਹੋਈ ਹੈ। ਇਸ ਮਾਮਲੇ ਸਬੰਧੀ ਥਾਣਾ ਸਦਰ ਦੇ ਇੰਚਾਰਜ ਜਗਸੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਮੰਡੀ ਤੋਂ ਗਾਜਰਾਂ ਦੀ ਸਬਜ਼ੀ ਲੈ ਕੇ ਬਠਿੰਡਾ ਰੋਡ ਵੱਲ ਜਾ ਰਿਹਾ ਸੀ। ਰਸਤੇ ਵਿੱਚ ਉਸ ਦੀ ਕਾਰ ਪੈਂਚਰ ਹੋ ਗਈ। ਪੈਂਚਰ ਲਗਾਉਂਦੇ ਸਮੇਂ ਇਨੋਵਾ ਗੱਡੀ ਨੇ ਤੇਜ਼ ਰਫਤਾਰ ਨਾਲ ਆ ਕੇ ਟੱਕਰ ਮਾਰ ਦਿੱਤੀ। ਜਿਸ ਕਾਰਨ ਲਾਭ ਸਿੰਘ ਦੀ ਮੌ-ਤ ਹੋ ਗਈ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਲਏ ਜਾ ਰਹੇ ਹਨ। ਇਸ ਤੋਂ ਬਾਅਦ ਦੋਸ਼ੀਆਂ ਤੱਕ ਪਹੁੰਚ ਕੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।