ਬਟਾਲਾ ਤੋਂ ਜਲੰਧਰ ਮੁੱਖ ਮਾਰਗ ਉਤੇ ਇਕ ਦੁਖਦ ਹਾਦਸਾ ਹੋਣ ਦੀ ਖਬਰ ਸਾਹਮਣੇ ਆਈ ਹੈ। ਇਥੇ ਚੰਡੀਗੜ੍ਹ ਤੋਂ ਆਪਣੇ ਦੋਸਤ ਨੂੰ ਮਿਲਣ ਲਈ ਆਏ ਦੋ ਦੋਸਤਾਂ ਵਿੱਚੋਂ ਇੱਕ ਦੀ ਮੌ-ਤ ਹੋ ਗਈ ਹੈ। ਜਦੋਂ ਕਿ ਦੂਜਾ ਗੰਭੀਰ ਜ਼ਖਮੀ ਰੂਪ ਵਿਚ ਹੋ ਗਿਆ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਰੰਗੜ ਨੰਗਲ ਦੇ ਏ. ਐਸ. ਆਈ. ਅਮਰਜੀਤ ਸਿੰਘ ਨੇ ਦੱਸਿਆ ਕਿ ਕੁਲਦੀਪ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਰੁੜਕੀ ਮੁਹਾਲੀ ਆਪਣੇ ਦੋਸਤ ਜਸ ਪੁੱਤਰ ਕੁਲਵਿੰਦਰ ਵਾਸੀ ਜੰਡਪੁਰ ਖਰੜ ਨਾਲ ਆਪਣੀ ਸਵਿਫਟ ਕਾਰ ਵਿੱਚ ਆਪਣੇ ਦੋਸਤ ਦੇ ਘਰ ਬਟਾਲਾ ਮਿਲਣ ਲਈ ਆਏ ਸਨ ਅਤੇ ਬਟਾਲਾ ਵਿਖੇ ਆਪਣੇ ਇਕ ਦੋਸਤ ਨੂੰ ਮਿਲਣ ਤੋਂ ਬਾਅਦ ਦੂਜੇ ਦੋਸਤ ਨੂੰ ਮਿਲਣ ਡੇਰਾ ਬਾਬਾ ਨਾਨਕ ਚਲੇ ਗਏ।
ਅੱਜ ਸਵੇਰੇ ਜਦੋਂ ਦੋਵੇਂ ਜਣੇ ਆਪਣੇ ਦੋਸਤਾਂ ਨੂੰ ਮਿਲਣ ਤੋਂ ਬਾਅਦ ਆਪਣੇ ਘਰ ਨੂੰ ਵਾਪਸ ਜਾ ਰਹੇ ਸਨ ਤਾਂ ਜਦੋਂ ਉਹ ਬਟਾਲਾ ਤੋਂ ਜਲੰਧਰ ਮੁੱਖ ਮਾਰਗ ਉਤੇ ਸਥਿਤ ਅੱਡਾ ਅੰਮੋਨੰਗਲ ਦੇ ਨੇੜੇ ਪਹੁੰਚੇ ਤਾਂ ਕਾਰ ਚਲਾ ਰਹੇ ਕੁਲਦੀਪ ਸਿੰਘ ਨੂੰ ਅਚਾਨਕ ਨੀਂਦ ਆ ਗਈ, ਜਿਸ ਕਰਕੇ ਕਾਰ ਬੇਕਾਬੂ ਹੋ ਕੇ ਦਰੱਖਤ ਨਾਲ ਜਾ ਕੇ ਟਕਰਾ ਗਈ। ਜਿਸ ਕਾਰਨ ਕੁਲਦੀਪ ਸਿੰਘ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਜਦੋਂ ਕਿ ਉਸ ਦਾ ਦੋਸਤ ਜਸ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ, ਜਿਸ ਨੂੰ 108 ਐਂਬੂਲੈਂਸ ਦੇ ਕਰਮਚਾਰੀ ਈ.ਐਮ.ਟੀ ਹਰਜੀਤ ਸਿੰਘ ਵਲੋਂ ਤੁਰੰਤ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਾਇਆ ਗਿਆ।
ਅੱਗੇ ਉਕਤ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਿ੍ਤਕ ਦੀ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਭੇਜ ਦਿੱਤਾ ਗਿਆ ਹੈ ਅਤੇ ਮ੍ਰਿਤਕ ਦੇ ਵਾਰਸਾਂ ਦੇ ਬਿਆਨਾਂ ਉਤੇ ਕਾਨੂੰਨ ਦੇ ਅਨੁਸਾਰ ਅੱਗੇ ਦੀ ਬਣਦੀ ਕਾਰਵਾਈ ਕਰ ਦਿੱਤੀ ਗਈ ਹੈ। ਇਹ ਵੀ ਪਤਾ ਲੱਗਾ ਹੈ ਕਿ ਉਕਤ ਹਾਦਸੇ ਦੇ ਵਿੱਚ ਕਾਰ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ।