ਪੰਜਾਬ ਵਿਚ ਲੁਧਿਆਣਾ ਦੇ ਖੰਨਾ ਦੇ ਪਿੰਡ ਨੇੜੇ ਇਕ ਸਵਿਫਟ ਕਾਰ ਸੜਕ ਕਿਨਾਰੇ ਖੜ੍ਹੀ ਟਰਾਲੇ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਪਤੀ ਅਤੇ ਪਤਨੀ ਗੰਭੀਰ ਜ਼ਖ਼ਮੀ ਹੋ ਗਏ। ਨੇੜੇ ਦੇ ਲੋਕਾਂ ਨੇ ਤੁਰੰਤ ਉਨ੍ਹਾਂ ਨੂੰ ਕਾਰ ਵਿਚੋਂ ਬਾਹਰ ਕੱਢਿਆ ਅਤੇ ਹਸਪਤਾਲ ਤੱਕ ਪਹੁੰਚਦੇ ਕੀਤਾ। ਪਰ ਇਲਾਜ ਦੇ ਦੌਰਾਨ ਦੋਵਾਂ ਦੀ ਮੌ-ਤ ਹੋ ਗਈ। ਇਹ ਹਾਦਸਾ ਕਸਬਾ ਖੰਨਾ ਦੇ ਪਿੰਡ ਕਿਸ਼ਨਗੜ੍ਹ ਨੇੜੇ ਵਾਪਰਿਆ ਹੈ। ਇਸ ਘਟਨਾ ਵਿਚ ਮ੍ਰਿਤਕ ਲੋਕਾਂ ਦੀ ਪਹਿਚਾਣ ਚਰਨਜੀਤ ਸਿੰਘ ਚਰਨੀ ਉਮਰ 50 ਸਾਲ ਅਤੇ ਗਿਆਨ ਕੌਰ ਉਮਰ 47 ਸਾਲ ਵਜੋਂ ਹੋਈ ਹੈ। ਮ੍ਰਿਤਕ ਪਾਇਲ ਦੇ ਪਿੰਡ ਅਸਲਾਪੁਰ ਦੇ ਰਹਿਣ ਵਾਲੇ ਸਨ। ਉਨ੍ਹਾਂ ਦੇ ਦੋ ਬੱ-ਚੇ ਹਨ। ਦੋਵੇਂ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋ ਕੇ ਘਰ ਆ ਰਹੇ ਸਨ।
ਅਸਲਾਪੁਰ ਦੇ ਰਹਿਣ ਵਾਲੇ ਸ਼ਿੰਦਾ ਨੇ ਦੱਸਿਆ ਕਿ ਚਰਨੀ ਦੋ ਦਿਨ ਪਹਿਲਾਂ ਹੀ ਕਿਸੇ ਕੇਸ ਵਿਚ ਜੇਲ੍ਹ ਤੋਂ ਜ਼ਮਾਨਤ ਉਤੇ ਬਾਹਰ ਆਇਆ ਸੀ। ਕਾਰ ਵਿੱਚ ਇੱਕ ਡੰਡਾ ਪਿਆ ਸੀ ਜੋ ਅਚਾਨਕ ਬ੍ਰੇਕ ਪੈਡਲ ਦੇ ਹੇਠਾਂ ਡਿੱਗ ਗਿਆ। ਹਾਦਸੇ ਸਮੇਂ ਬ੍ਰੇਕ ਨਹੀਂ ਲੱਗੀ, ਜਿਸ ਕਾਰਨ ਗੱਡੀ ਆਪਣਾ ਸੰਤੁਲਨ ਗੁਆ ਬੈਠੀ ਅਤੇ ਟਰਾਲੇ ਨਾਲ ਟਕਰਾ ਗਈ। ਇਸ ਘਟਨਾ ਬਾਰੇ ਟਰਾਲਾ ਡਰਾਈਵਰ ਦਵਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਟਰਾਲੇ ਦੀ ਸਰਵਿਸ ਕਰਵਾਉਣ ਲਈ ਦਾਦਾ ਮੋਟਰ ਆਇਆ ਸੀ। ਉਸ ਦਾ ਟਰਾਲਾ ਸੜਕ ਤੋਂ ਕਰੀਬ 5 ਤੋਂ 7 ਫੁੱਟ ਹੇਠਾਂ ਸੀ। ਉਹ ਦਾਦਾ ਮੋਟਰ ਤੋਂ ਗੇਟ ਪਾਸ ਬਣਵਾਉਣ ਗਿਆ ਸੀ। ਜਦੋਂ ਉਹ ਵਾਪਸ ਆਇਆ ਤਾਂ ਦੇਖਿਆ ਇਕ ਕਾਰ ਉਸ ਦੇ ਟਰਾਲੇ ਨਾਲ ਟਕਰਾ ਗਈ।
ਲੋਕਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਬਾਹਰ ਕੱਢਿਆ ਗਿਆ। ਕਾਰ ਦੇ ਏਅਰਬੈਗ ਵੀ ਖੁੱਲ੍ਹ ਗਏ ਸਨ ਪਰ ਫਿਰ ਵੀ ਦੋਵੇਂ ਬਚ ਨਹੀਂ ਸਕੇ। ਲੋਕਾਂ ਨੇ ਦੱਸਿਆ ਕਿ ਕਾਰ ਦੀ ਸਪੀਡ ਬਹੁਤ ਜ਼ਿਆਦਾ ਸੀ। ਪੁਲਿਸ ਦਾ ਕਹਿਣਾ ਹੈ ਕਿ ਸੂਚਨਾ ਮਿਲਦੇ ਹੀ ਦੇਹਾਂ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ। ਜਿਨ੍ਹਾਂ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਪਾਇਲ ਵਿਖੇ ਰਖਵਾਇਆ ਗਿਆ ਹੈ। ਦੇਹਾਂ ਪੋਸਟ ਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।