ਪੰਜਾਬ ਦੇ ਕਪੂਰਥਲੇ ਜਿਲ੍ਹੇ ਤੋਂ ਹੋਲਾ ਮੁਹੱਲਾ ਦਰਸ਼ਨਾਂ ਲਈ ਸ੍ਰੀ ਆਨੰਦਪੁਰ ਸਾਹਿਬ ਜਾ ਰਹੇ ਦੋ ਨੌਜਵਾਨਾਂ ਦੇ ਨਦੀ ਵਿੱਚ ਡੁੱਬ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। ਹਾਲਾਂਕਿ ਖਬਰ ਲਿਖੇ ਜਾਣ ਤੱਕ ਮਿਲੀ ਮੁੱਢਲੀ ਜਾਣਕਾਰੀ ਦੇ ਅਨੁਸਾਰ ਦੋਵਾਂ ਨੌਜਵਾਨਾਂ ਵਿਚੋਂ ਇੱਕ ਨੌਜਵਾਨ ਦਾ ਮ੍ਰਿਤਕ ਸਰੀਰ ਬਰਾਮਦ ਕਰ ਲਿਆ ਗਿਆ ਹੈ, ਜਦੋਂ ਕਿ ਗੋਤਾਖੋਰ ਵਲੋਂ ਦੂਜੇ ਨੌਜਵਾਨ ਦੀ ਭਾਲ ਕੀਤੀ ਜਾ ਰਹੀ ਹੈ। ਇਸ ਘਟਨਾ ਬਾਰੇ ਪਤਾ ਲੱਗਣ ਤੋਂ ਬਾਅਦ ਦੋਵਾਂ ਨੌਜਵਾਨਾਂ ਦੇ ਪਰਿਵਾਰਾਂ ਵਿੱਚ ਸੋਗ ਦਾ ਮਾਹੌਲ ਹੈ। ਇਸ ਘਟਨਾ ਬਾਰੇ ਪ੍ਰਾਪਤ ਜਾਣਕਾਰੀ ਅਨੁਸਾਰ ਸਿਮਰਨ ਸਿੰਘ ਪੁੱਤਰ ਆਲਮ ਸਿੰਘ ਵਾਸੀ ਕੈਂਮਪੁਰਾ ਕਪੂਰਥਲਾ ਅਤੇ ਬੀਰ ਸਿੰਘ ਸਿਮਰਨ ਪੁੱਤਰ ਹਰਜਿੰਦਰ ਸਿੰਘ ਵਾਸੀ ਪਿੰਡ ਇੱਬਣ ਜ਼ਿਲ੍ਹਾ ਕਪੂਰਥਲਾ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਤੇ ਗਏ ਹੋਏ ਸਨ।
ਦੱਸਿਆ ਜਾ ਰਿਹਾ ਹੈ ਕਿ ਦੇਰ ਰਾਤ ਦੋਵੇਂ ਨੌਜਵਾਨ ਬਾਥਰੂਮ ਜਾਣ ਤੋਂ ਬਾਅਦ ਨਦੀ ਦੇ ਕੰਢੇ ਹੱਥ ਧੋਣ ਦੇ ਲਈ ਗਏ ਤਾਂ ਇਕ ਦਮ ਹੀ ਸਿਮਰਨ ਸਿੰਘ ਦਾ ਪੈਰ ਤਿਲਕ ਜਾਣ ਦੇ ਕਾਰਨ ਉਹ ਪਾਣੀ ਦੇ ਤੇਜ ਬਹਾਅ ਵਿੱਚ ਵਹਿ ਗਿਆ। ਜਦੋਂ ਬੀਰ ਸਿੰਘ ਆਪਣੇ ਸਾਥੀ ਨੂੰ ਬਚਾਉਣ ਲਈ ਨਦੀ ਵਿਚ ਉਤਰਿਆ ਤਾਂ ਉਹ ਵੀ ਪਾਣੀ ਵਿੱਚ ਰੁੜ੍ਹ ਗਿਆ। ਕੰਵਰ ਸਿੰਘ ਨੇ ਦੱਸਿਆ ਕਿ ਉਸ ਨੇ ਇਸ ਘਟਨਾ ਦੀ ਤੁਰੰਤ ਹੀ ਪੁਲਿਸ ਨੂੰ ਸੂਚਨਾ ਦਿੱਤੀ। ਜਿਨ੍ਹਾਂ ਨੇ ਗੋਤਾਖੋਰਾਂ ਦੀ ਮਦਦ ਨਾਲ ਸਿਮਰਨ ਸਿੰਘ ਦੀ ਦੇਹ ਨੂੰ ਨਦੀ ਵਿਚੋਂ ਬਾਹਰ ਕੱਢ ਲਿਆ ਹੈ। ਜਦੋਂ ਕਿ ਬੀਰ ਸਿੰਘ ਦੀ ਭਾਲ ਜਾਰੀ ਹੈ।
ਇਸ ਹਾਦਸੇ ਸਬੰਧੀ ਜਦੋਂ ਪਰਿਵਾਰ ਨਾਲ ਸੰਪਰਕ ਕੀਤਾ ਗਿਆ ਤਾਂ ਪਤਾ ਲੱਗਾ ਕਿ ਇਸ ਦੁਖਦ ਭਾਣੇ ਦੀ ਸੂਚਨਾ ਮਿਲਦੇ ਸਾਰ ਹੀ ਦੋਵਾਂ ਦੇ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਮੌਕੇ ਉਤੇ ਪਹੁੰਚ ਰਹੇ ਹਨ। ਇਸ ਨੂੰ ਲੈ ਕੇ ਦੋਵਾਂ ਨੌਜਵਾਨਾਂ ਦੇ ਇਲਾਕੇ ਵਿਚ ਸੋਗ ਦੀ ਲਹਿਰ ਛਾ ਗਈ ਹੈ।