ਸਬਜ਼ੀ ਦੀ ਖੇਤੀ ਕਰਨ ਵਾਲੇ ਕਿਸਾਨ ਨਾਲ ਹਾਦਸਾ, ਦੋ ਸਾਲਾ ਬੇਟੇ ਸਿਰੋਂ ਉਠਿਆ ਬਾਪ ਦਾ ਛਾਇਆ

Punjab

ਇਹ ਦੁਖ ਭਰਿਆ ਸਮਾਚਾਰ ਪੰਜਾਬ ਦੇ ਜਿਲ੍ਹਾ ਸੰਗਰੂਰ ਤੋਂ ਸਾਹਮਣੇ ਆਇਆ ਹੈ। ਸੰਗਰੂਰ ਜਿਲ੍ਹੇ ਵਿਚ ਪੈਂਦੇ ਭਵਾਨੀਗੜ੍ਹ ਵਿਚ ਸੰਗਰੂਰ ਤੋਂ ਨਾਭਾ ਨੂੰ ਜਾਣ ਵਾਲੀ ਬੇਹੱਦ ਮਾੜੀ ਸੜਕ ਦੇ ਉੱਤੇ ਬੀਤੀ ਰਾਤ ਪਿੰਡ ਆਲੋਅਰਖ ਨੇੜੇ ਦੁੱਧ ਦੇ ਟੈਂਕਰ ਅਤੇ ਆਲਟੋ ਕਾਰ ਦੀ ਆਹਮੋ ਸਾਹਮਣੇ ਟੱਕਰ ਹੋ ਗਈ। ਇਸ ਟੱਕਰ ਦੇ ਵਿੱਚ ਕਾਰ ਡਰਾਈਵਰ ਮਾਤਾ ਪਿਤਾ ਦੇ ਇਕੋ ਇਕ ਪੁੱਤ ਦੀ ਮੌ-ਤ ਹੋ ਗਈ। ਇਸ ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਭਵਾਨੀਗੜ੍ਹ ਦੇ ਸਹਾਇਕ ਸਬ. ਇੰਸਪੈਕਟਰ ਸੁਖਦੇਵ ਸਿੰਘ ਨੇ ਦੱਸਿਆ ਕਿ ਪਿੰਡ ਮਾਝਾ ਦਾ ਰਹਿਣ ਵਾਲਾ ਨੌਜਵਾਨ ਕਿਸਾਨ ਕਰਮਜੀਤ ਸਿੰਘ ਪੁੱਤ ਪ੍ਰਗਟ ਸਿੰਘ ਜੋ ਕਿ ਸਬਜ਼ੀ ਕਾਸ਼ਤ ਦੀ ਖੇਤੀ ਬਾੜੀ ਕਰਦਾ ਸੀ।

ਬੀਤੇ ਦਿਨ ਉਹ ਆਪਣੀ ਆਲਟੋ ਕਾਰ ਵਿਚ ਭਵਾਨੀਗੜ੍ਹ ਤੋਂ ਆਪਣੇ ਪਿੰਡ ਵਾਪਸ ਆ ਰਿਹਾ ਸੀ। ਉਸ ਦੇ ਪਿੱਛੇ ਉਸ ਦਾ ਪਿਤਾ ਵੀ ਆ ਰਿਹਾ ਸੀ। ਇਸੇ ਦੌਰਾਨ ਜਦੋਂ ਉਨ੍ਹਾਂ ਦੀ ਕਾਰ ਨਾਭਾ ਤੋਂ ਭਵਾਨੀਗੜ੍ਹ ਮੁੱਖ ਸੜਕ ਉਤੇ ਪਿੰਡ ਆਲੋਅਰਖ ਨੇੜੇ ਪਹੁੰਚੀ ਤਾਂ ਅੱਗੇ ਤੋਂ ਆ ਰਹੇ ਤੇਜ਼ ਸਪੀਡ ਦੁੱਧ ਦੇ ਟੈਂਕਰ ਨਾਲ ਟੱਕਰ ਹੋ ਗਈ ਅਤੇ ਇਸ ਹਾਦਸੇ ਵਿੱਚ ਕਰਮਜੀਤ ਸਿੰਘ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਸਥਾਨਕ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਮੁੱਢਲੀ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।

ਪੁਲਿਸ ਨੇ ਮ੍ਰਿਤਕ ਦੇ ਪਿਤਾ ਪ੍ਰਗਟ ਸਿੰਘ ਦੇ ਬਿਆਨਾਂ ਦੇ ਆਧਾਰ ਉਤੇ ਕੈਂਟਰ ਡਰਾਈਵਰ ਹਰਬੰਸ ਸਿੰਘ ਵਿਰੁੱਧ ਕੇਸ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਇਸ ਹਾਦਸੇ ਤੋਂ ਬਾਅਦ ਇਲਾਕੇ ਵਿਚ ਸੋਗ ਦੀ ਲਹਿਰ ਛਾ ਗਈ ਹੈ। ਮ੍ਰਿਤਕ ਕਰਮਜੀਤ ਸਿੰਘ ਦੋ ਭੈਣ ਭਰਾ ਸਨ ਅਤੇ ਕਰਮਜੀਤ ਦਾ ਕਰੀਬ ਪੰਜ ਸਾਲ ਪਹਿਲਾਂ ਵਿਆਹ ਹੋਇਆ ਸੀ, ਉਸ ਦਾ 2 ਸਾਲ ਦਾ ਇਕ ਬੇਟਾ ਹੈ।

Leave a Reply

Your email address will not be published. Required fields are marked *