ਪੰਜਾਬ ਵਿਚ ਲੁਧਿਆਣੇ ਜਿਲ੍ਹੇ ਦੇ ਕਸਬਾ ਖੰਨਾ ਨੇੜੇ ਨੈਸ਼ਨਲ ਹਾਈਵੇਅ ਉਤੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਇੱਕ ਢਾਬੇ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਢਾਬੇ ਉਤੇ ਕੰਮ ਕਰ ਰਹੇ ਨੌਜਵਾਨ ਦੀ ਮੌ-ਤ ਹੋ ਗਈ। ਇਹ ਘਟਨਾ CCTV ਕੈਮਰੇ ਵਿੱਚ ਕੈਦ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਟਰੱਕ ਸਰਵਿਸ ਲਾਈਨ ਉਤੇ ਤੇਜ਼ ਸਪੀਡ ਨਾਲ ਆ ਰਿਹਾ ਸੀ। ਇਸ ਦੌਰਾਨ ਸਰਵਿਸ ਲਾਈਨ ਉਤੇ ਇਕ ਕਾਰ ਆਉਣ ਲੱਗੀ। ਡਰਾਈਵਰ ਨੇ ਉਸ ਨੂੰ ਬਚਾਉਣ ਲਈ ਟਰੱਕ ਨੂੰ ਢਾਬੇ ਵੱਲ ਮੋੜ ਦਿੱਤਾ ਤਾਂ ਬੇਕਾਬੂ ਹੋਏ ਟਰੱਕ ਨੂੰ ਡਰਾਈਵਰ ਤੋਂ ਮੁੜ ਕਾਬੂ ਨਹੀਂ ਕੀਤਾ ਜਾ ਸਕਿਆ ਅਤੇ ਟਰੱਕ ਢਾਬੇ ਦੇ ਬਾਹਰ ਖੜ੍ਹੇ ਵਿਅਕਤੀ ਦੇ ਉੱਪਰ ਜਾ ਚੜ੍ਹਿਆ।
ਲੋਕਾਂ ਨੇ ਟਰੱਕ ਡਰਾਈਵਰ ਉਤੇ ਨਸ਼ੇ ਵਿਚ ਹੋਣ ਦਾ ਦੋਸ਼ ਵੀ ਲਾਇਆ ਹੈ। ਮ੍ਰਿਤਕ ਦੀ ਪਹਿਚਾਣ ਤਿਲਕ ਰਾਮ ਉਮਰ 17 ਸਾਲ ਦੇ ਵਜੋਂ ਹੋਈ ਹੈ। ਤਿਲਕ ਰਾਮ ਨੂੰ ਜ਼ਖ਼ਮੀ ਹਾਲ ਵਿੱਚ ਸਿਵਲ ਹਸਪਤਾਲ ਲਿਜਾਇਆ ਗਿਆ ਤਾਂ ਇਲਾਜ ਦੌਰਾਨ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਦੇਹ ਨੂੰ ਪੋਸਟ ਮਾਰਟਮ ਲਈ ਮੋਰਚਰੀ ਵਿਚ ਰਖਵਾਇਆ ਗਿਆ ਹੈ। ਮੁੱਢਲੀ ਜਾਂਚ ਵਿੱਚ ਡਾਕਟਰਾਂ ਅਨੁਸਾਰ ਨੌਜਵਾਨ ਦੇ ਸਿਰ ਵਿੱਚ ਜ਼ਿਆਦਾ ਸੱਟਾਂ ਲੱਗ ਗਈਆਂ ਹਨ। ਮੌ-ਤ ਦੇ ਕਾਰਨਾਂ ਦਾ ਪਤਾ ਬਾਕੀ ਪੋਸਟ ਮਾਰਟਮ ਤੋਂ ਬਾਅਦ ਹੀ ਲੱਗੇਗਾ।
ਢਾਬਾ ਮਾਲਕ ਬਲਵਿੰਦਰ ਕੁਮਾਰ ਨੇ ਦੱਸਿਆ ਕਿ ਉਸ ਦਾ ਮੁਲਾਜ਼ਮ ਢਾਬੇ ਦੇ ਬਾਹਰ ਖੜ੍ਹਾ ਸੀ ਅਤੇ ਸੀਟੀ ਵਜਾ ਕੇ ਗਾਹਕਾਂ ਨੂੰ ਅੰਦਰ ਬੁਲਾ ਕੇ ਗੱਡੀਆਂ ਆਦਿ ਖੜ੍ਹੀਆਂ ਕਰਾਉਂਦਾ ਸੀ। ਡਰਾਈਵਰ ਨੇ ਉਸ ਨੂੰ ਦਰੜ ਦਿੱਤਾ। ਟਰੱਕ ਡਰਾਈਵਰ ਸ਼ਰਾਬ ਦੇ ਨਸ਼ੇ ਵਿਚ ਸੀ। ਸ਼ਰਾਬ ਪੀਣ ਕਾਰਨ ਉਹ ਟਰੱਕ ਨੂੰ ਨਹੀਂ ਸੰਭਾਲ ਸਕਿਆ। ਢਾਬੇ ਉਤੇ ਖਾਣਾ ਖਾ ਰਹੇ ਗ੍ਰਾਹਕ ਵੀ ਆਪਣੀ ਜਾਨ ਬਚਾ ਕੇ ਭੱਜੇ। ਹਾਈਵੇਅ ਉਤੇ ਸਥਿਤ ਢਾਬਾ ਮਾਲਕਾਂ ਨੇ ਪੁਲਿਸ ਤੋਂ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਦੋਸ਼ੀ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਦੂਜੇ ਪਾਸੇ ਮ੍ਰਿਤਕ ਨਾਬਾਲਗ ਨੌਜਵਾਨ ਦੇ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਣ ਦੀ ਅਪੀਲ ਕੀਤੀ ਹੈ।