ਇਹ ਦੁਖ ਭਰਿਆ ਸਮਾਚਾਰ ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਤੋਂ ਪ੍ਰਾਪਤ ਹੋਇਆ ਹੈ। ਕਪੂਰਥਲੇ ਜਿਲ੍ਹੇ ਵਿਚ ਸੁਲਤਾਨਪੁਰ ਲੋਧੀ ਦੀ ਤਲਵੰਡੀ ਚੌਧਰੀਆਂ ਰੋਡ ਦੇ ਉਤੇ ਵਾਪਰੇ ਇੱਕ ਸੜਕ ਹਾਦਸੇ ਵਿੱਚ ਬੁਲੇਟ ਮੋਟਰਸਾਈਕਲ ਤੇ ਸਵਾਰ ਨੌਜਵਾਨ ਦੀ ਮੌ-ਤ ਹੋ ਗਈ ਹੈ। ਜਦੋਂ ਕਿ ਇੱਕ ਹੋਰ ਨੌਜਵਾਨ ਜ਼ਖ਼ਮੀ ਹੋ ਗਿਆ ਹੈ। ਪਿੰਡ ਮਹਿਜੀਤਪੁਰ ਦਾ ਰਹਿਣ ਵਾਲਾ ਯੁਵਰਾਜ ਸਿੰਘ ਅਤੇ ਪਿੰਡ ਮੇਵਾ ਸਿੰਘ ਵਾਲਾ ਦਾ ਰਹਿਣ ਵਾਲਾ ਚੇਤਨ ਸਿੰਘ ਦੋਵੇਂ ਅੱਜ ਦੁਪਹਿਰ 2 ਵਜੇ ਦੇ ਕਰੀਬ ਬੁਲੇਟ ਸਾਈਕਲ ਉਤੇ ਸਵਾਰ ਹੋ ਕੇ ਪਿੰਡ ਮੇਵਾ ਸਿੰਘ ਵਾਲਾ ਵੱਲ ਜਾ ਰਹੇ ਸਨ।
ਇਸ ਦੌਰਾਨ ਕਿਸੇ ਅਣਪਛਾਤੇ ਵਾਹਨ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਇਸ ਦੌਰਾਨ ਹਾਦਸੇ ਵਿੱਚ ਜ਼ਖ਼ਮੀ ਹੋਏ ਦੋਵੇਂ ਨੌਜਵਾਨਾਂ ਨੂੰ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿੱਚ ਭਰਤੀ ਕਰਾਇਆ ਗਿਆ ਹੈ। ਜਿੱਥੇ ਡਾਕਟਰਾਂ ਨੇ ਉਨ੍ਹਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਸੀ ਪਰ ਯੁਵਰਾਜ ਸਿੰਘ ਪੁੱਤ ਕੁਲਦੀਪ ਸਿੰਘ ਵਾਸੀ ਮਹਿਜੀਤਪੁਰ ਦੀ ਹਾਲਤ ਨਾਜ਼ੁਕ ਹੋਣ ਦੇ ਕਾਰਨ ਉਸ ਨੂੰ ਡਿਊਟੀ ਤੇ ਮੌਜੂਦ ਡਾਕਟਰਾਂ ਨੇ ਜਲੰਧਰ ਦੇ ਇਕ ਨਿੱਜੀ ਹਸਪਤਾਲ ਲਈ ਰੈਫਰ ਕਰ ਦਿੱਤਾ।
ਇੱਥੇ ਮੁੱਢਲੀ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਯੁਵਰਾਜ ਸਿੰਘ ਮੋਮੀ ਆਪਣੇ ਮਾਤਾ ਪਿਤਾ ਦਾ ਇਕੋ ਇਕ ਪੁੱਤਰ ਸੀ ਅਤੇ ਉਹ ਪਿੰਡ ਮੇਵਾ ਸਿੰਘ ਵਾਲਾ ਨੇੜੇ ਇਕ ਗੈਰੇਜ ਉਤੇ ਕੰਮ ਕਰਦਾ ਸੀ। ਉਸ ਦੀ ਮੌ-ਤ ਦੀ ਖ਼ਬਰ ਸੁਣਦਿਆਂ ਹੀ ਪਿੰਡ ਮਹਿਜੀਤਪੁਰ ਦੇ ਵਿੱਚ ਸੋਗ ਦੀ ਲਹਿਰ ਛਾ ਗਈ ਹੈ। ਜਦੋਂ ਕਿ ਚੇਤਨ ਸਿੰਘ ਦਾ ਸਿਵਲ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ।