ਪੰਜਾਬ ਵਿਚ ਜਿਲ੍ਹਾ ਅੰਮ੍ਰਿਤਸਰ ਦੇ ਰਹਿਣ ਵਾਲੇ ਸਹੁਰਾ ਪਰਿਵਾਰ ਵਿਚ 4 ਮਹੀਨੇ ਦੀ ਗਰਭਵਤੀ ਔਰਤ ਦੀ ਦੇਹ ਸ਼ੰਕਾ ਭਰੇ ਹਾਲ ਵਿਚ ਛੱਤ ਦੇ ਪੱਖੇ ਨਾਲ ਲਟਕ ਰਹੀ ਮਿਲੀ। ਇਹ ਸਭ ਐਤਵਾਰ ਸਵੇਰੇ 10 ਵਜੇ ਪ੍ਰਕਾਸ਼ ਵਿਵਾਹ ਪਿਪਲਾਂ ਦੇ ਮੰਦਰ ਵਿਚ ਵਾਪਰਿਆ ਹੈ। ਇਸ ਸਬੰਧੀ ਮ੍ਰਿਤਕਾ ਪੂਜਾ ਦੀ ਮਾਤਾ ਬੇਬੀ ਵਾਸੀ ਬਾਂਕੇ ਬਿਹਾਰੀ ਗਲੀ ਬਟਾਲਾ ਰੋਡ ਨੇ ਦੱਸਿਆ ਕਿ 6 ਮਹੀਨੇ ਪਹਿਲਾਂ ਬੇਟੀ ਦਾ ਵਿਆਹ ਸੂਰਜ ਵਾਸੀ ਪ੍ਰਕਾਸ਼ ਵਿਹਾਰ ਨੇੜੇ ਪਿੱਪਲਾਂ ਮੰਦਰ ਨਾਲ ਹੋਇਆ ਸੀ।
ਵਿਆਹ ਸਮਾਗਮ ਵਿਚ ਵੀ ਲੜਕੇ ਦੇ ਪਰਿਵਾਰ ਵਾਲਿਆਂ ਨੇ ਦਾਜ ਵਿਚ ਕਾਰ ਦੀ ਮੰਗ ਕੀਤੀ ਸੀ, ਜਦੋਂ ਕਿ ਉਨ੍ਹਾਂ ਨੇ ਆਪਣੀ ਹੈਸੀਅਤ ਮੁਤਾਬਕ ਦਾਜ ਵੀ ਦਿੱਤਾ ਸੀ। ਵਿਆਹ ਤੋਂ ਬਾਅਦ ਵੀ ਪਤੀ ਅਤੇ ਸੱਸ ਕਾਰ ਲਈ ਬੇਟੀ ਨੂੰ ਦੁਖੀ ਕਰਦੇ ਸਨ। ਪੂਜਾ ਦੀ ਮਾਂ ਨੇ ਨੇ ਦੱਸਿਆ ਕਿ ਬੀਤੀ ਰਾਤ ਦੋ ਵਜੇ ਘਰੋਂ ਚੋਰੀ ਫੋਨ ਕਰਕੇ ਬੇਟੀ ਪੂਜਾ ਨੇ ਕਿਹਾ ਸੀ ਕਿ ਸਹੁਰੇ ਲੜ ਰਹੇ ਹਨ ਅਤੇ ਆ ਕੇ ਉਸ ਨੂੰ ਲੈ ਜਾਓ। ਜਦੋਂ ਮਾਂ ਨੇ ਲੜਕੀ ਦੀ ਕੁੱਟਮਾਰ ਬਾਰੇ ਪੁੱਛ ਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਉਹ ਕਈ ਵਾਰ ਦਾਜ ਲਈ ਅਤੇ ਕਦੇ ਕੰਮ ਨਾ ਕਰਨ ਲਈ ਕੁੱਟ-ਮਾਰ ਕਰਦੇ ਹਨ।
ਹੁਣ ਉਹ 4 ਮਹੀਨੇ ਦੀ ਗਰਭਵਤੀ ਹੈ ਅਤੇ ਇਸ ਲਈ ਭਾਰੀ ਕੰਮ ਕਰਨਾ ਛੱਡ ਦਿੱਤਾ ਸੀ। ਮ੍ਰਿਤਕ ਦੀ ਮਾਂ ਨੇ ਦੱਸਿਆ ਕਿ ਜਦੋਂ ਉਹ ਐਤਵਾਰ ਸਵੇਰੇ ਕਰੀਬ 10 ਵਜੇ ਆਪਣੀ ਧੀ ਦੇ ਸਹੁਰੇ ਪਰਿਵਾਰ ਦਾ ਹਾਲ ਪੁੱਛਣ ਲਈ ਪਹੁੰਚੀ ਤਾਂ ਦੇਖਿਆ ਕਿ ਸੱਸ ਤੇ ਸਹੁਰਾ ਆਰਾਮ ਨਾਲ ਬੈਠੇ ਸਨ ਜਦੋਂ ਮਾਂ ਨੇ ਬੇਟੀ ਦੇ ਕਮਰੇ ਦੀ ਖਿੜਕੀ ਵੱਲ ਦੇਖਿਆ ਤਾਂ ਪੂਜਾ ਦੀ ਦੇਹ ਪੱਖੇ ਨਾਲ ਲਟਕ ਰਹੀ ਸੀ। ਬੇਟੀ ਦਾ ਪਤੀ ਘਰ ਤੋਂ ਫਰਾਰ ਸੀ।
ਇਸ ਮਾਮਲੇ ਬਾਰੇ ਥਾਣਾ ਸਦਰ ਦੇ ਏ. ਐੱਸ. ਆਈ. ਸੁਸ਼ੀਲ ਕੁਮਾਰ ਨੇ ਦੱਸਿਆ ਮ੍ਰਿਤਕ ਦੇ ਪਿਤਾ ਬਿੱਟੂ ਦੇ ਬਿਆਨਾਂ ਉਤੇ ਪਤੀ ਸੂਰਜ ਅਤੇ ਸੱਸ ਉਰਮਿਲਾ ਖਿਲਾਫ ਮਾਮਲਾ ਦਰਜ ਕਰਕੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਪੋਸਟ ਮਾਰਟਮ ਕਰਵਾ ਕੇ ਦੇਹ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਹੈ।
ਦੋਸ਼ੀ ਪਤੀ ਗੁਆਂਢ ਵਿਚ ਕਿਸੇ ਦੇ ਘਰ ਛੁਪਿਆ ਹੋਇਆ ਸੀ, ਉਸ ਨੂੰ ਉਥੋਂ ਕਾਬੂ ਕਰ ਲਿਆ ਗਿਆ ਹੈ, ਜਦੋਂ ਕਿ ਮਾਂ ਨੂੰ ਘਰੋਂ ਹੀ ਕਾਬੂ ਕਰ ਲਿਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀਆਂ ਤੋਂ ਪੁੱਛ ਗਿੱਛ ਕੀਤੀ ਜਾਵੇਗੀ ਅਤੇ ਪਰਿਵਾਰ ਨੂੰ ਛੇਤੀ ਤੋਂ ਛੇਤੀ ਨਿਆਂ ਦਿੱਤਾ ਜਾਵੇਗਾ।