ਪੰਜਾਬ ਦੇ ਜਿਲ੍ਹਾ ਹੁਸ਼ਿਆਰਪੁਰ ਵਿਚ ਐਤਵਾਰ ਨੂੰ ਇਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਵਿਚ ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌ-ਤ ਹੋ ਗਈ। ਜਿਨ੍ਹਾਂ ਦੀ ਪਹਿਚਾਣ ਸੰਨੀ ਕੁਮਾਰ ਉਮਰ 23 ਸਾਲ, ਉਸ ਦੇ ਪਿਤਾ ਤਰਸੇਮ ਉਮਰ 60 ਸਾਲ ਅਤੇ ਮਾਤਾ ਚਰਨਜੀਤ ਕੌਰ ਉਮਰ 59 ਸਾਲ ਦੇ ਨਾਮ ਵਜੋਂ ਹੋਈ ਹੈ। ਇਸ ਮਾਮਲੇ ਬਾਰੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਣਪਛਾਤੇ ਵਾਹਨ ਦੀ ਲਪੇਟ ਵਿੱਚ ਆਉਣ ਨਾਲ ਇੱਕੋ ਘਰ ਦੇ ਤਿੰਨ ਮੈਂਬਰਾਂ ਦੀ ਮੌ-ਤ ਹੋ ਗਈ।
ਇਹ ਹਾਦਸਾ ਇੱਥੋਂ ਕਰੀਬ 23 ਕਿਲੋਮੀਟਰ ਦੂਰ ਪਿੰਡ ਸਿੰਬਲੀ ਨੇੜੇ ਦੁਪਹਿਰ ਵੇਲੇ ਉਸ ਸਮੇਂ ਵਾਪਰਿਆ ਜਦੋਂ ਇੱਕ ਵਿਅਕਤੀ ਅਤੇ ਉਸ ਦੇ ਮਾਤਾ ਪਿਤਾ ਸਕੂਟਰੀ ਉਤੇ ਫਗਵਾੜਾ ਜਾ ਰਹੇ ਸਨ। ਹਾਦਸੇ ਤੋਂ ਬਾਅਦ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਹਾਦਸਾ ਹੁਸ਼ਿਆਰਪੁਰ ਤੋਂ ਫਗਵਾੜਾ ਰੋਡ ਉਤੇ ਮੇਹਟੀਆਣਾ ਥਾਣਾ ਅਧੀਨ ਪੈਂਦੇ ਪਿੰਡ ਸਿੰਬਲੀ ਵਿਖੇ ਵਾਪਰਿਆ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਸੰਨੀ ਆਪਣੇ ਮਾਤਾ ਪਿਤਾ ਨਾਲ ਕਿਸੇ ਕੰਮ ਲਈ ਸਕੂਟਰੀ ਉਤੇ ਫਗਵਾੜਾ ਜਾ ਰਿਹਾ ਸੀ।
ਜਦੋਂ ਉਹ ਸਿੰਬਲੀ ਕੋਲ ਪਹੁੰਚਿਆ ਤਾਂ ਇੱਕ ਤੇਜ਼ ਸਪੀਡ ਅਣਪਛਾਤੇ ਟਿੱਪਰ ਡਰਾਈਵਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰ ਦਸਤ ਸੀ ਕਿ ਤਿੰਨੋਂ ਸਕੂਟਰੀ ਸਵਾਰ ਸੜਕ ਦੇ ਵਿਚਕਾਰ ਸਿਰ ਭਾਰ ਡਿੱਗ ਪਏ ਅਤੇ ਗੰਭੀਰ ਜ਼ਖ਼ਮੀ ਹੋ ਗਏ। ਟੱਕਰ ਮਾਰਨ ਤੋਂ ਬਾਅਦ ਟਿੱਪਰ ਡਰਾਈਵਰ ਟਿੱਪਰ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ। ਮੌਕੇ ਉਤੇ ਪਹੁੰਚੇ ਰਾਹਗੀਰਾਂ ਨੇ ਤੁਰੰਤ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ ਦਾ ਉਪਰਾਲਾ ਸ਼ੁਰੂ ਕੀਤਾ ਪਰ ਉਦੋਂ ਤੱਕ ਤਿੰਨਾਂ ਦੀ ਮੌ-ਤ ਹੋ ਚੁੱਕੀ ਸੀ। ਮੌਕੇ ਉਤੇ ਮੌਜੂਦ ਕੁਝ ਲੋਕਾਂ ਨੇ ਟਿੱਪਰ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਪਰ ਟਿੱਪਰ ਦਾ ਵੀ ਪਤਾ ਨਹੀਂ ਲੱਗ ਸਕਿਆ।
ਇਸ ਦੌਰਾਨ ਲੋਕਾਂ ਨੇ ਇਸ ਦੀ ਸੂਚਨਾ ਥਾਣਾ ਮੇਹਟੀਆਣਾ ਦੀ ਪੁਲਿਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਥਾਣਾ ਮੇਹਟੀਆਣਾ ਵਿਚ ਤਾਇਨਾਤ ਏ. ਐੱਸ. ਆਈ. ਓਕਾਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ, ਪੁਲਿਸ ਨੇ ਤਿੰਨੋਂ ਦੇਹਾ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਪੋਸਟ ਮਾਰਟਮ ਲਈ ਭੇਜ ਦਿੱਤਾ।
ਪੁਲਿਸ ਨੇ ਹਾਦਸੇ ਵਿੱਚ ਸ਼ਾਮਲ ਸਕੂਟਰੀ ਨੂੰ ਵੀ ਕਬਜ਼ੇ ਵਿੱਚ ਲੈ ਲਿਆ ਹੈ। ਮਾਮਲੇ ਦੀ ਜਾਂਚ ਕਰ ਰਹੇ ਏ. ਐਸ. ਆਈ. ਓਂਕਾਰ ਸਿੰਘ ਨੇ ਦੱਸਿਆ ਕਿ ਟਿੱਪਰ ਨੂੰ ਟਰੇਸ ਕਰਨ ਲਈ ਉਹ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੇ ਹਨ ਤਾਂ ਜੋ ਉਕਤ ਟਿੱਪਰ ਦਾ ਪਤਾ ਲਗਾਇਆ ਜਾ ਸਕੇ।
ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਤਰਸੇਮ ਦੇ ਭਰਾ ਰਾਮ ਲੁਭਾਇਆ ਵਾਸੀ ਅਜਦਾਮ ਦੇ ਬਿਆਨਾਂ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਉਨ੍ਹਾਂ ਨੇ ਅਣਪਛਾਤੇ ਵਾਹਨ ਡਰਾਈਵਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਦੂਜੇ ਪਾਸੇ ਜਦੋਂ ਇਸ ਹਾਦਸੇ ਦੀ ਸੂਚਨਾ ਪਿੰਡ ਅਜਾਦਮ ਵਿੱਚ ਪੁੱਜੀ ਤਾਂ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ। ਕੁਝ ਹੀ ਮਿੰਟਾਂ ਵਿੱਚ ਚੰਗਾ ਭਲਾ ਪਰਿਵਾਰ ਖ-ਤ-ਮ ਹੋ ਗਿਆ।