ਇਹ ਦੁਖ ਭਰਿਆ ਸਮਾਚਾਰ ਪੰਜਾਬ ਦੇ ਜਿਲ੍ਹਾ ਹੁਸ਼ਿਆਰਪੁਰ ਦੇ ਟਾਂਡਾ ਤੋਂ ਸਾਹਮਣੇ ਆਇਆ ਹੈ। ਇਥੇ ਮੁੱਖ ਮਾਰਗ ਟਾਂਡਾ ਹੁਸ਼ਿਆਰਪੁਰ ਉਤੇ ਪਿੰਡ ਬੂਰੇ ਰਾਜਪੂਤਾਂ ਨੇੜੇ ਇਕ ਸੜਕ ਹਾਦਸੇ ਵਿਚ ਜ਼ਖਮੀ ਹੋਏ 24 ਸਾਲ ਦੇ ਨੌਜਵਾਨ ਦੀ ਇਲਾਜ ਦੌਰਾਨ ਮੌ-ਤ ਹੋ ਗਈ। ਜਿਸ ਦਾ ਅਜੇ 30 ਦਿਨ ਪਹਿਲਾਂ ਹੀ ਵਿਆਹ ਹੋਇਆ ਸੀ। ਦੂਜੇ ਪਾਸੇ ਬੁੱਲੋਵਾਲ ਪੁਲਿਸ ਨੇ ਇਸ ਹਾਦਸੇ ਦਾ ਕਾਰਨ ਬਣਨ ਵਾਲੇ ਅਣ ਪਛਾਤੇ ਵਾਹਨ ਦੇ ਡਰਾਈਵਰ ਦੇ ਖਿਲਾਫ ਪਰਚਾ ਦਰਜ ਕਰ ਲਿਆ ਹੈ।
ਇਹ ਹਾਦਸਾ 5 ਅਪ੍ਰੈਲ ਦੀ ਸ਼ਾਮ ਨੂੰ ਉਸ ਸਮੇਂ ਵਾਪਰਿਆ ਜਦੋਂ ਪਲਸਰ ਮੋਟਰਸਾਈਕਲ ਤੇ ਸਵਾਰ ਗੁਰਤੇਜ ਸਿੰਘ ਵਾਸੀ ਮੁਰਾਦਪੁਰ ਨਰਿਆਲ ਨੂੰ ਸਫਰ ਦੌਰਾਨ ਇੱਕ ਵਾਹਨ ਨੇ ਟੱਕਰ ਮਾਰ ਦਿੱਤੀ ਸੀ। ਗੰਭੀਰ ਰੂਪ ਵਿਚ ਜ਼ਖਮੀ ਹੋਏ ਗੁਰਤੇਜ ਸਿੰਘ ਨੂੰ ਹੁਸ਼ਿਆਰਪੁਰ ਦੇ ਹਸਪਤਾਲਾਂ ਤੋਂ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਡਾਕਟਰਾਂ ਵਲੋਂ ਉਸ ਨੂੰ D. M. C. ਲੁਧਿਆਣਾ ਹਸਪਤਾਲ ਦੇ ਲਈ ਰੈਫਰ ਕੀਤਾ ਗਿਆ ਸੀ। ਜਿੱਥੇ ਉਸ ਦਾ ਇਲਾਜ ਚੱਲ ਰਿਹਾ ਸੀ ਪਰ 9 ਅਪ੍ਰੈਲ ਨੂੰ ਇਲਾਜ ਦੌਰਾਨ ਉਸ ਦੀ ਮੌ-ਤ ਹੋ ਗਈ।
ਇਸ ਹਾਦਸੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਜੀਵਨ ਲਾਲ ਨੇ ਦੱਸਿਆ ਕਿ ਪੁਲਿਸ ਨੇ ਮ੍ਰਿਤਕ ਨੌਜਵਾਨ ਦੇ ਪਿਤਾ ਸੋਹਣ ਸਿੰਘ ਪੁੱਤਰ ਜਸਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ਉਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਹਾਦਸੇ ਲਈ ਜ਼ਿੰਮੇਵਾਰ ਡਰਾਈਵਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਗੁਰਤੇਜ ਸਿੰਘ ਦਾ ਅੱਜ ਸੈਂਕੜੇ ਨਮ ਅੱਖਾਂ ਦੀ ਹਾਜ਼ਰੀ ਦੇ ਵਿੱਚ ਸਸਕਾਰ ਕਰ ਦਿੱਤਾ ਗਿਆ।