ਪੰਜਾਬ ਸੂਬੇ ਦੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਚ ਜਨਮ ਦਿਨ ਦੀ ਪਾਰਟੀ ਨੂੰ ਲੈ ਕੇ ਹੋਏ ਆਪਸੀ ਝਗੜੇ ਵਿੱਚ ਪਤੀ ਨੇ ਆਪਣੀ ਕਾਰ ਵਿੱਚ ਹੀ ਪਤਨੀ ਦਾ ਗਲਾ ਦਬਾ ਕੇ ਕ-ਤ-ਲ ਕਰ ਦਿੱਤਾ। ਇਸ ਮਾਮਲੇ ਵਿਚ ਪੁਲਿਸ ਨੇ ਦੋਸ਼ੀ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਬੰਧੀ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਐਸ. ਐਸ. ਪੀ. ਰਵਜੋਤ ਕੌਰ ਗਰੇਵਾਲ ਨੇ ਦੱਸਿਆ ਕਿ ਨਿਆਮਤ ਗਿੱਲ ਦਾ ਵਿਆਹ 2016 ਦੇ ਵਿੱਚ ਪਿੰਡ ਤਲਾਣੀਆਂ ਦੇ ਰਹਿਣ ਵਾਲੇ ਮਨਜੋਤ ਸਿੰਘ ਦੇ ਨਾਲ ਹੋਇਆ ਸੀ।
ਵਿਆਹ ਤੋਂ ਬਾਅਦ ਪਤੀ ਨੇ ਨਿਆਮਤ ਗਿੱਲ ਨੂੰ ਮਾਮੂਲੀ ਗੱਲਾਂ ਉਤੇ ਕੁੱਟਣਾ ਸ਼ੁਰੂ ਕਰ ਦਿੱਤਾ, ਜਿਸ ਨੂੰ ਲੈ ਕੇ ਮਨਜੋਤ ਸਿੰਘ ਦੀ ਮਾਂ ਗੁਰਦੀਸ਼ ਕੌਰ ਅਕਸਰ ਆਪਣੇ ਲੜਕੇ ਨੂੰ ਉਕਸਾਉਂਦੀ ਰਹਿੰਦੀ ਸੀ। ਸ਼ਨੀਵਾਰ ਨੂੰ ਜਦੋਂ ਨਿਆਮਤ ਗਿੱਲ ਨੇ ਆਪਣੇ ਜਨਮ ਦਿਨ ਤੇ ਮਾਂ ਨੂੰ ਮਿਲਣ ਦੀ ਇੱਛਾ ਜ਼ਾਹਰ ਕੀਤੀ ਤਾਂ ਉਸ ਦੇ ਪਤੀ ਨੇ ਉਸ ਨੂੰ ਰੋਕ ਲਿਆ। ਜਦੋਂ ਨਿਆਮਤ ਨੇ ਉਸ ਨੂੰ ਮਿਲਣ ਲਈ ਜਾਣ ਦੀ ਜ਼ਿੱਦ ਕੀਤੀ ਤਾਂ ਉਸ ਦੇ ਪਤੀ ਅਤੇ ਸੱਸ ਨੇ ਉਸ ਦੀ ਕੁੱਟ-ਮਾਰ ਕੀਤੀ। ਜਿਸ ਤੋਂ ਬਾਅਦ ਮਨਜੋਤ ਨਿਆਮਤ ਨੂੰ ਆਪਣੀ ਕਾਰ ਵਿਚ ਬਿਠਾ ਕੇ ਲੈ ਗਿਆ ਅਤੇ ਕਾਰ ਵਿਚ ਹੀ ਕਿਸੇ ਚੀਜ ਨਾਲ ਉਸ ਦਾ ਗਲਾ ਘੁੱਟ ਕੇ ਫਰਾਰ ਹੋ ਗਿਆ।
ਐੱਸ. ਐੱਸ. ਪੀ. ਡਾ: ਰਵਜੋਤ ਗਰੇਵਾਲ ਨੇ ਦੱਸਿਆ ਕਿ 22. 23 ਅਪ੍ਰੈਲ ਦੀ ਰਾਤ ਨੂੰ ਹੋਏ ਇਸ ਕ-ਤ-ਲ ਦੀ ਸੂਚਨਾ ਮਿਲਣ ਉਤੇ ਥਾਣਾ ਫਤਿਹਗੜ੍ਹ ਸਾਹਿਬ ਵਿਖੇ ਮ੍ਰਿਤਕਾ ਦੇ ਪਤੀ ਮਨਜੋਤ ਸਿੰਘ ਅਤੇ ਸੱਸ ਗੁਰਦੀਸ਼ ਕੌਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਫਰਾਰ ਹੋਏ ਦੋਸ਼ੀ ਮਨਜੋਤ ਸਿੰਘ ਨੂੰ ਐਸ. ਐਚ. ਓ. ਅਰਸ਼ਦੀਪ ਸ਼ਰਮਾ ਦੀ ਅਗਵਾਈ ਹੇਠਲੀਆਂ ਟੀਮਾਂ ਨੇ ਕੁਝ ਘੰਟੇ ਵਿੱਚ ਹੀ ਕਾਬੂ ਕਰ ਲਿਆ, ਜਦੋਂ ਕਿ ਉਸ ਦੀ ਮਾਤਾ ਗੁਰਦੀਸ਼ ਕੌਰ ਦੀ ਭਾਲ ਕੀਤੀ ਜਾ ਰਹੀ ਹੈ।