ਪੰਜਾਬ ਦੇ ਫਤਿਹਗੜ੍ਹ ਸਾਹਿਬ ਵਿਚ ਇਕ ਦੁਖਦ ਹਾਦਸਾ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਹਾਦਸੇ ਵਿਚ 2 ਪੁਲਿਸ ਕਰਮੀਆਂ ਦੀ ਮੌ-ਤ ਹੋ ਗਈ ਹੈ. ਜਦੋਂ ਕਿ 4 ਫੌਜ ਦੇ ਜਵਾਨ ਜ਼ਖਮੀ ਦੱਸੇ ਜਾ ਰਹੇ ਹਨ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ. ਐਸ. ਪੀ. ਗੁਰਬੰਸ ਸਿੰਘ ਬੈਂਸ ਨੇ ਦੱਸਿਆ ਕਿ ਜਦੋਂ ਸਵੇਰੇ ਫੌਜ ਦੀਆਂ ਗੱਡੀਆਂ ਦਾ ਕਾਫਲਾ ਨਬੀਪੁਰ ਜਾ ਰਿਹਾ ਸੀ ਤਾਂ ਉਦੋਂ ਇਕ ਬੱਸ ਨੇ ਫੌਜ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ।
ਇਸ ਘਟਨਾ ਬਾਰੇ ਸੂਚਨਾ ਮਿਲਦੇ ਸਾਰ ਹੀ ਹਾਦਸੇ ਦੀ ਜਾਂਚ ਲਈ ਨਬੀਪੁਰ ਚੌਂਕੀ ਤੋਂ ਏ. ਐਸ. ਆਈ. ਨਾਜਰ ਸਿੰਘ ਅਤੇ ਹੋਮ ਗਾਰਡ ਜਵਾਨ ਕੁਲਦੀਪ ਸਿੰਘ ਪੁਲਿਸ ਪਾਰਟੀ ਨਾਲ ਮੌਕੇ ਉਤੇ ਘਟਨਾ ਵਾਲੀ ਥਾਂ ਤੇ ਪਹੁੰਚ ਗਏ। ਜਦੋਂ ਉਹ ਬੱਸ ਦੇ ਅੱਗੇ ਖੜ੍ਹੇ ਹੋ ਕੇ ਹਾਦਸੇ ਦੀ ਜਾਂਚ ਕਰ ਰਹੇ ਸਨ ਤਾਂ ਇਸੇ ਦੌਰਾਨ ਪੁਲਿਸ ਮੁਲਾਜ਼ਮਾਂ ਨੇ ਰਾਜਪੁਰਾ ਵੱਲੋਂ ਆ ਰਹੇ ਤੇਜ਼ ਰਫਤਾਰ ਟਰੱਕ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਟਰੱਕ ਡਰਾਈਵਰ ਨੇ ਲਾਪ੍ਰਵਾਹੀ ਨਾਲ ਬੱਸ ਨੂੰ ਟੱਕਰ ਮਾਰ ਦਿੱਤੀ।
ਇਸ ਦੌਰਾਨ ਬੱਸ ਅੱਗੇ ਖੜ੍ਹੇ ਏ. ਐੱਸ. ਆਈ. ਨਾਜ਼ਰ ਸਿੰਘ ਅਤੇ ਹੋਮ ਗਾਰਡ ਜਵਾਨ ਕੁਲਦੀਪ ਸਿੰਘ ਦੇ ਉੱਪਰ ਚੜ੍ਹ ਗਈ ਅਤੇ ਦੋਵੇਂ ਪੁਲਿਸ ਮੁਲਾਜ਼ਮ ਸ਼ਹੀਦ ਹੋ ਗਏ। ਡੀ. ਐਸ. ਪੀ. ਨੇ ਕਿਹਾ ਕਿ ਪੁਲਿਸ ਇਸ ਮਾਮਲੇ ਵਿੱਚ ਕਾਨੂੰਨ ਅਨੁਸਾਰ ਕਾਰਵਾਈ ਕਰ ਰਹੀ ਹੈ ਅਤੇ ਅਸੀਂ ਮ੍ਰਿਤਕ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਦੀ ਦੇਖਭਾਲ ਕਰਾਂਗੇ।
ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦੌਰਾਨ ਕਾਂਸਟੇਬਲ ਚੌਹਾਨ ਮਿਸ਼ਰਾ, ਕਾਂਸਟੇਬਲ ਵਿਜੇ, ਕਾਂਸਟੇਬਲ ਸ਼ਿਖਨਾ ਰਾਮ ਅਤੇ ਕਾਂਸਟੇਬਲ ਸਿੱਧਾਂਸ਼ੂ ਜ਼ਖਮੀ ਹੋ ਗਏ ਅਤੇ ਬੱਸ ਡਰਾਈਵਰ ਵੀ ਜ਼ਖਮੀ ਹੋ ਗਏ। ਉਨ੍ਹਾਂ ਦੱਸਿਆ ਕਿ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਪਰ ਪੁਲਿਸ ਨੇ ਉਸ ਦੀ ਪਹਿਚਾਣ ਕਰ ਲਈ ਹੈ ਅਤੇ ਉਸ ਨੂੰ ਛੇਤੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।