ਚੰਡੀਗੜ੍ਹ ਦੇ ਐਮ. ਸੀ. ਐਮ. ਕਾਲਜ ਵਿੱਚ ਬੀਏ ਦੂਜੇ ਸਾਲ ਦਾ ਵਿਦਿਆਰਥਣ ਦੂਜੀ ਮੰਜ਼ਿਲ ਤੋਂ ਡਿੱਗ ਪਈ। ਉਸ ਨੂੰ ਬਲੱਡ ਨਾਲ ਭਿੱਜੇ ਹਾਲ ਵਿਚ ਡਿੱਗੀ ਦੇਖ ਕੇ ਕਾਲਜ ਦੇ ਵਿਦਿਆਰਥੀ ਅਤੇ ਕਾਲਜ ਮੈਨੇਜਮੈਂਟ ਦੇ ਲੋਕ ਤੁਰੰਤ ਮੌਕੇ ਉਤੇ ਪਹੁੰਚ ਗਏ। ਉਨ੍ਹਾਂ ਨੇ ਬਿਨਾਂ ਦੇਰੀ ਕੀਤੇ ਵਿਦਿਆਰਥਣ ਨੂੰ ਪੀ.ਜੀ.ਆਈ. ਵਿਚ ਭਰਤੀ ਕਰਵਾਇਆ। ਜਿੱਥੇ ਇਲਾਜ ਦੌਰਾਨ ਵਿਦਿਆਰਥਣ ਦੀ ਮੌ-ਤ ਹੋ ਗਈ।
ਮ੍ਰਿਤਕ ਵਿਦਿਆਰਥਣ ਦੀ ਪਹਿਚਾਣ ਚੰਡੀਗੜ੍ਹ ਦੇ ਸੈਕਟਰ-37 ਦੀ ਰਹਿਣ ਵਾਲੀ ਅੰਨਿਆ ਦੇ ਰੂਪ ਵਜੋਂ ਹੋਈ ਹੈ। ਪਹਿਲੇ ਤੌਰ ਤੇ ਦੱਸਿਆ ਗਿਆ ਹੈ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਅੰਨਿਆ ਕਾਲਜ ਦੇ ਵਾਸ਼ਰੂਮ ਜਾਣ ਲਈ ਪੌੜੀਆਂ ਚੜ੍ਹ ਰਹੀ ਸੀ। ਉਸੇ ਸਮੇਂ ਪੈਰ ਤਿਲਕਣ ਕਾਰਨ ਉਹ ਹੇਠਾਂ ਡਿੱਗ ਗਈ ਅਤੇ ਬੇਹੋਸ਼ ਹੋ ਗਈ। ਵਿਦਿਆਰਥਣ ਆਪਣੇ ਬੀਏ ਦੂਜੇ ਸਾਲ ਦਾ ਪਹਿਲਾ ਪੇਪਰ ਦੇਣ ਦੇ ਲਈ ਕਾਲਜ ਆਈ ਸੀ। ਅੱਜ ਵਿਦਿਆਰਥਣ ਦਾ ਪੰਜਾਬੀ ਭਾਸ਼ਾ ਦਾ ਪੇਪਰ ਸੀ।
ਪਿਤਾ ਨੇ ਕਿਹਾ, ਸਵੇਰੇ ਇਕੱਠੇ ਕੀਤਾ ਸੀ ਨਾਸ਼ਤਾ
ਮ੍ਰਿਤਕ ਵਿਦਿਆਰਥਣ ਦੇ ਪਿਤਾ ਮੁਕੇਸ਼ ਨੇ ਦੱਸਿਆ ਕਿ ਅਸੀਂ ਸਵੇਰੇ ਸਾਰਿਆਂ ਨੇ ਇਕੱਠੇ ਨਾਸ਼ਤਾ ਕੀਤਾ ਸੀ। ਫਿਰ ਮੈਂ ਲੁਧਿਆਣੇ ਕੰਮ ਉਤੇ ਚਲਿਆ ਗਿਆ। ਉੱਥੇ ਹੀ ਬੇਟੀ ਦੇ ਅਚਾਨਕ ਡਿੱਗ ਜਾਣ ਦੀ ਸੂਚਨਾ ਮਿਲੀ। ਪੀਜੀਆਈ ਆਉਣ ਤੇ ਪਤਾ ਲੱਗਾ ਕਿ ਉਹ ਇਸ ਦੁਨੀਆਂ ਵਿਚ ਨਹੀਂ ਰਹੀ। 2 ਵਜੇ ਉਸ ਦਾ ਪੇਪਰ ਸੀ।
ਦੂਜੇ ਪਾਸੇ ਕਾਲਜ ਦੇ ਸੁਪਰਡੈਂਟ ਪਵਨ ਸ਼ਰਮਾ ਨੇ ਦੱਸਿਆ ਕਿ ਅਸੀਂ ਅੰਨਿਆ ਨੂੰ 12:25 ਮਿੰਟ ਉਤੇ ਪੀਜੀਆਈ ਲੈ ਕੇ ਆਏ ਸੀ। ਕਾਲਜ ਮੈਨੇਜਮੈਂਟ ਨੇ ਕਿਹਾ ਕਿ ਦੇਖਣ ਵਾਲੀ ਗੱਲ ਹੈ ਕਿ ਅੰਨਿਆ ਇੰਨੀ ਜਲਦੀ ਕਾਲਜ ਕਿਉਂ ਆ ਗਈ ਜਦੋਂ ਕਿ ਉਸ ਦਾ ਪੇਪਰ ਤਾਂ 2 ਵਜੇ ਸੀ।
ਕਾਲਜ ਫੈਕਲਟੀ ਤੋਂ ਕਰ ਰਹੀ ਪੁੱਛ ਗਿੱਛ
ਥਾਣਾ-36 ਦੀ ਪੁਲਿਸ ਕਾਲਜ ਫੈਕਲਟੀ ਤੋਂ ਪੁੱਛ ਗਿੱਛ ਕਰਨ ਵਿਚ ਲੱਗੀ ਹੋਈ ਹੈ। ਇਸ ਦੌਰਾਨ ਅੰਨਿਆ ਦੇ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਹੋਣ ਦਾ ਵੀ ਪਤਾ ਲੱਗਿਆ ਹੈ। ਕਾਲਜ ਪ੍ਰਬੰਧਕਾਂ ਅਨੁਸਾਰ ਉਨ੍ਹਾਂ ਦੇ ਨੋਟਿਸ ਵਿੱਚ ਅਜਿਹੀ ਕੋਈ ਗੱਲ ਨਹੀਂ ਸੀ, ਜਿਸ ਤੋਂ ਪਤਾ ਲੱਗ ਸਕੇ ਕਿ ਉਹ ਕਿਸੇ ਕਾਰਨ ਮਾਨਸਿਕ ਤੌਰ ਤੇ ਪ੍ਰੇਸ਼ਾਨ ਚਲ ਰਹੀ ਸੀ।
ਪੁਲਿਸ ਮਾਮਲੇ ਦੀ ਜਾਂਚ ਵਿੱਚ ਲੱਗੀ
ਪੁਲਿਸ ਜਾਂਚ ਅਧਿਕਾਰੀ ਕੁਲਦੀਪ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਇਸ ਮਾਮਲੇ ਬਾਰੇ ਸੂਚਨਾ ਮਿਲੀ ਸੀ। ਇਸ ਸਬੰਧੀ ਸੈਕਟਰ 36 ਥਾਣਾ ਦੇ ਐਸ. ਐਚ. ਓ. ਜਸਪਾਲ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਕਿਤੇ ਲੜਕੀ ਨੂੰ ਕਿਸੇ ਨੇ ਧੱਕਾ ਤਾਂ ਨਹੀਂ ਦਿੱਤਾ।
ਇਸ ਦੇ ਨਾਲ ਹੀ ਪਿਤਾ ਮੁਕੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਕਾਲਜ ਉਤੇ ਕੋਈ ਸ਼ੱਕ ਨਹੀਂ ਹੈ। ਧੀ ਉਨ੍ਹਾਂ ਨੂੰ ਦੱਸ ਕੇ ਹੀ ਕਾਲਜ ਗਈ ਸੀ। ਐਸ. ਐਚ. ਓ. ਸੈਕਟਰ 36 ਜਸਪਾਲ ਸਿੰਘ ਨੇ ਦੱਸਿਆ ਕਿ ਫਿਲਹਾਲ ਅੰਨਿਆ ਦੀ ਦੇਹ ਦਾ ਪੋਸਟ ਮਾਰਟਮ ਕਰਵਾਇਆ ਜਾਵੇਗਾ ਅਤੇ ਧਾਰਾ 174 ਸੀਆਰਪੀਸੀ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ।