ਪੰਜਾਬ ਦੇ ਜਿਲ੍ਹਾ ਬਠਿੰਡਾ ਵਿਖੇ ਨਥਾਣਾ ਯੂਥ ਵੈਲਫੇਅਰ ਸੁਸਾਇਟੀ ਬਠਿੰਡਾ ਨੂੰ 27 ਮਈ ਨੂੰ ਨਥਾਣਾ ਨੇੜੇ ਇੱਕ ਨੌਜਵਾਨ ਦੀ ਗਲੀ ਖਰਾਬ ਹੋਈ ਦੇਹ ਮਿਲੀ ਸੀ। ਇਸ ਬਾਰੇ ਸੂਚਨਾ ਮਿਲਦੇ ਹੀ ਮੌਕੇ ਉਤੇ ਪਹੁੰਚੀ ਪੁਲਿਸ ਨੇ ਦੇਹ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਰਾਮਪੁਰਾ ਫੂਲ ਭੇਜ ਕੇ ਸ਼ਨਾਖਤ ਦੇ ਲਈ ਰਖਵਾ ਦਿੱਤਾ ਸੀ।
ਭਾਲ ਕਰਨ ਤੇ ਝਾੜੀਆਂ ਵਿਚੋਂ ਮਿਲੀ ਇਕ ਦੇਹ
ਇਥੇ ਦੱਸਣਯੋਗ ਹੈ ਕਿ ਪਿੰਡ ਕਲਿਆਣ ਸੁੱਖਾ ਦਾ ਇਕ ਨੌਜਵਾਨ ਕੁਝ ਦਿਨਾਂ ਤੋਂ ਗੁੰਮ ਸੀ। ਜਦੋਂ ਪੁਲਿਸ ਵਲੋਂ ਉਸ ਦਾ ਮੋਬਾਈਲ ਫ਼ੋਨ ਟ੍ਰੇਸ ਕੀਤਾ ਗਿਆ ਤਾਂ ਟਰੇਸ ਕਰਨ ਤੋਂ ਬਾਅਦ ਉਸ ਦੀ ਆਖਰੀ ਲੋਕੇਸ਼ਨ ਮਹਾਰਾਜ ਦੇ ਨੇੜਲੇ ਏਰੀਏ ਵਿਚ ਮਿਲੀ। ਜਿਸ ਕਾਰਨ ਪਰਿਵਾਰ, ਪਿੰਡ ਵਾਲੇ, ਰਿਸ਼ਤੇਦਾਰਾਂ ਅਤੇ ਪੁਲਿਸ ਨੇ ਮਹਾਰਾਜ ਦੇ ਨੇੜਲੇ ਇਲਾਕੇ ਵਿਚ ਨੌਜਵਾਨ ਦੀ ਭਾਲ ਸ਼ੁਰੂ ਕਰ ਦਿੱਤੀ। ਮਹਾਰਾਜ ਨੇੜੇ ਸਰਹਿੰਦ ਨਹਿਰ ਦੀਆਂ ਝਾੜੀਆਂ ਵਿੱਚ ਇੱਕ ਦੇਹ ਮਿਲਣ ਦੀ ਸੂਚਨਾ ਪਰਿਵਾਰ ਨੂੰ ਮਿਲੀ ਤਾਂ ਉਨ੍ਹਾਂ ਤੁਰੰਤ ਪੁਲਿਸ ਨਾਲ ਸੰਪਰਕ ਕੀਤਾ। ਦੇਹ ਇੰਨੀ ਬੁਰੇ ਹਾਲ ਵਿਚ ਸੀ ਕਿ ਉਸ ਦੀ ਪਹਿਚਾਣ ਨਹੀਂ ਹੋ ਸਕੀ।
ਦੋਸਤਾਂ ਨੇ ਪਹਿਨੇ ਸਮਾਨ ਤੋਂ ਕੀਤੀ ਸ਼ਨਾਖਤ
ਉਕਤ ਨੌਜਵਾਨ ਆਪਣੇ ਪਿੰਡ ਦੇ ਨਜ਼ਦੀਕ ਹੀ ਇੱਕ ਧਾਰਮਿਕ ਸੰਸਥਾ ਵਿੱਚ ਵੈਲਡਰ ਦਾ ਕੰਮ ਕਰਦਾ ਸੀ ਅਤੇ ਉੱਥੇ ਹੀ ਰਹਿੰਦਾ ਸੀ।ਪੁਲਿਸ ਥਾਣਾ ਸਿਟੀ ਰਾਮਪੁਰਾ ਵੱਲੋਂ ਜਦੋਂ ਉਸ ਦੇ ਸਾਥੀਆਂ ਨੂੰ ਬੁਲਾ ਕੇ ਉਸ ਦੀ ਪਹਿਚਾਣ ਕਰਨ ਲਈ ਕਿਹਾ ਗਿਆ ਤਾਂ ਉਸ ਦੇ ਸਾਥੀਆਂ ਨੇ ਜਸਕਰਨ ਸਿੰਘ ਦੀ ਪਹਿਨੀ ਹੋਈ ਜੁੱਤੀ, ਘੜੀ, ਬੈਲਟ ਤੋਂ ਪਹਿਚਾਣ ਕੀਤੀ। ਮ੍ਰਿਤਕ ਦੀ ਪਹਿਚਾਣ ਜਸਕਰਨ ਸਿੰਘ ਉਮਰ 21 ਸਾਲ ਪੁੱਤਰ ਜੰਗ ਸਿੰਘ ਵਾਸੀ ਕਲਿਆਣ ਸੁੱਖਾ ਦੇ ਰੂਪ ਵਜੋਂ ਹੋਈ ਹੈ। ਇਸ ਤੋਂ ਬਾਅਦ ਪੁਲਿਸ ਨੇ ਅੱਗੇ ਕਾਰਵਾਈ ਕਰਦੇ ਹੋਏ ਪੋਸਟ ਮਾਰਟਮ ਦੀ ਪ੍ਰਕਿਰਿਆ ਕਰਵਾ ਕੇ ਦੇਹ ਵਾਰਸਾਂ ਦੇ ਹਵਾਲੇ ਕਰ ਦਿੱਤੀ। ਪਰਿਵਾਰਕ ਮੈਂਬਰਾਂ ਨੇ ਨੌਜਵਾਨ ਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ ਹੈ।
ਪਰਿਵਾਰਕ ਮੈਂਬਰਾਂ ਨੇ ਡੂੰਘਾਈ ਨਾਲ ਜਾਂਚ ਕਰਨ ਦੀ ਕੀਤੀ ਅਪੀਲ
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਪਰਿਵਾਰ ਨੇ ਦੱਸਿਆ ਕਿ ਜਸਕਰਨ ਸਿੰਘ ਨਸ਼ੇ ਦਾ ਆਦੀ ਨਹੀਂ ਸੀ ਪਰ ਉਸ ਦੀ ਦੇਹ ਕੋਲੋਂ ਬਰਾਮਦ ਹੋਈ ਸਰਿੰਜ ਕਈ ਸਵਾਲ ਖੜ੍ਹੇ ਕਰ ਰਹੀ ਹੈ। ਪਰਿਵਾਰ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਪਰ ਫਿਰ ਵੀ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ ਅਤੇ ਮ੍ਰਿਤਕ ਦੀ ਮੌ-ਤ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾਵੇ। ਦੱਸ ਦੇਈਏ ਕਿ ਮ੍ਰਿਤਕ ਮਾਪਿਆਂ ਦਾ ਇਕ-ਲੌਤਾ ਪੁੱਤਰ ਸੀ।