ਪੰਜਾਬ ਸੂਬੇ ਦੇ ਜਿਲ੍ਹਾ ਮਾਨਸਾ ਦੇ ਪਿੰਡ ਬੁਰਜ ਭਲਾਈਕੇ ਵਿੱਚ ਇੱਕ ਮਾਂ ਅਤੇ ਉਸ ਦੇ 10 ਮਹੀਨਿਆਂ ਦੇ ਛੋਟੇ ਜਿਹੇ ਪੁੱਤ ਨੂੰ ਦਾਜ ਲਈ ਤੇਲ ਪਾ ਸਾ-ੜ ਦਿੱਤਾ ਗਿਆ। ਇਹ ਘਟਨਾ ਸੋਮਵਾਰ ਨੂੰ ਸਵੇਰੇ ਵਾਪਰੀ ਹੈ। ਪੁਲਿਸ ਨੇ ਮ੍ਰਿਤਕਾ ਦੇ ਪਿਤਾ ਦੇ ਬਿਆਨਾਂ ਉਤੇ ਪਤੀ ਸਮੇਤ ਚਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਦੋਸ਼ੀ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੂਜੇ ਪਾਸੇ ਪਤੀ ਦਾ ਕਹਿਣਾ ਹੈ ਕਿ ਉਸ ਦੀ ਪਤਨੀ ਨੇ ਆਪ ਹੀ ਆਪਣੇ ਆਪ ਨੂੰ ਅੱ-ਗ ਲਗਾ ਲਈ ਹੈ।
ਮ੍ਰਿਤਕਾ ਦਾ 6 ਸਾਲ ਪਹਿਲਾਂ ਹੋਇਆ ਸੀ ਵਿਆਹ
ਬਠਿੰਡਾ ਜ਼ਿਲ੍ਹੇ ਦੇ ਪਿੰਡ ਚੱਕ ਹੀਰਾ ਸਿੰਘ ਵਾਲਾ ਦੇ ਰਹਿਣ ਵਾਲੇ ਨਾਜਰ ਸਿੰਘ ਨੇ ਥਾਣਾ ਝੁਨੀਰ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਨੇ ਆਪਣੀ ਲੜਕੀ ਪਵਨਦੀਪ ਕੌਰ ਉਮਰ 28 ਸਾਲ ਦਾ ਵਿਆਹ 6 ਸਾਲ ਪਹਿਲਾਂ ਮਾਨਸਾ ਜ਼ਿਲੇ ਦੇ ਪਿੰਡ ਬੁਰਜ ਭਲਾਈਕੇ ਦੇ ਰਹਿਣ ਵਾਲੇ ਹਰਪ੍ਰੀਤ ਸਿੰਘ ਨਾਲ ਕੀਤਾ ਸੀ। ਵਿਆਹ ਦੌਰਾਨ ਉਸ ਨੇ ਆਪਣੀ ਸਮਰੱਥਾ ਤੋਂ ਜਿਆਦਾ ਦਾਜ ਦਿੱਤਾ ਸੀ। ਪਵਨਦੀਪ ਕੌਰ ਅਤੇ ਹਰਪ੍ਰੀਤ ਸਿੰਘ ਦਾ ਗੁਰਕੀਰਤ ਸਿੰਘ ਨਾਮ ਦਾ 10 ਮਹੀਨਿਆਂ ਦਾ ਇਕ ਪੁੱਤ ਵੀ ਸੀ।
ਨਣਦ ਨੇ ਲੜਕੀ ਦੇ ਪਿਤਾ ਨੂੰ ਕੀਤਾ ਫੋਨ
ਨਾਜਰ ਸਿੰਘ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਹੀ ਸਹੁਰੇ ਪਰਿਵਾਰ ਵਾਲੇ ਹੋਰ ਦਾਜ ਲਈ ਉਸ ਦੀ ਲੜਕੀ ਦੀ ਕੁੱਟ-ਮਾਰ ਕਰਦੇ ਸਨ। ਉਨ੍ਹਾਂ ਨੇ ਕਈ ਵਾਰ ਉਨ੍ਹਾਂ ਦੀ ਮੰਗ ਨੂੰ ਪੂਰਾ ਵੀ ਕੀਤਾ ਸੀ। ਉਸ ਨੇ ਦੱਸਿਆ ਕਿ ਸੋਮਵਾਰ ਨੂੰ ਉਸ ਨੂੰ ਲੜਕੀ ਦੀ ਨਣਦ ਜਸਪਾਲ ਕੌਰ ਦਾ ਫੋਨ ਆਇਆ ਕਿ ਪਵਨਦੀਪ ਕੌਰ ਅਤੇ ਹਰਪ੍ਰੀਤ ਸਿੰਘ ਆਪਸ ਵਿੱਚ ਲੜ ਰਹੇ ਹਨ। ਇਸ ਤੋਂ ਬਾਅਦ ਉਹ ਪਿੰਡ ਬੁਰਜ ਭਲਾਈਕੇ ਪਹੁੰਚੇ, ਜਦੋਂ ਬੇਟੀ ਦੇ ਸਹੁਰਿਆਂ ਨੇ ਦੱਸਿਆ ਕਿ ਬੇਟੀ ਪਵਨਦੀਪ ਕੌਰ ਅਤੇ ਦੋਹਤੇ ਗੁਰਕੀਰਤ ਸਿੰਘ ਨੂੰ ਪਹਿਲਾਂ ਮਾਨਸਾ ਅਤੇ ਫਿਰ ਏਮਜ਼ ਬਠਿੰਡਾ ਵਿਖੇ ਦਾਖਲ ਕਰਾਇਆ ਗਿਆ ਹੈ। ਜਦੋਂ ਉਹ ਪਰਿਵਾਰ ਸਮੇਤ ਏਮਜ਼ ਪਹੁੰਚੇ ਤਾਂ ਦੋਵੇਂ ਮਾਂ ਅਤੇ ਪੁੱਤ ਦੀ ਮੌ-ਤ ਹੋ ਚੁੱਕੀ ਸੀ।
4 ਲੋਕਾਂ ਤੇ ਹੋਇਆ ਮਾਮਲਾ ਦਰਜ
ਇਸ ਮਾਮਲੇ ਸਬੰਧੀ ਥਾਣਾ ਝੁਨੀਰ ਦੇ ਇੰਚਾਰਜ ਗਣੇਸ਼ਵਰ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਨਾਜਰ ਸਿੰਘ ਦੇ ਬਿਆਨਾਂ ਉਤੇ ਪਤੀ ਹਰਪ੍ਰੀਤ ਸਿੰਘ, ਸੱਸ ਛਿੰਦਰ ਕੌਰ, ਜੇਠ ਬਿੰਦਰ ਸਿੰਘ ਅਤੇ ਨਣਦ ਜਸਪਾਲ ਕੌਰ ਦੇ ਖਿਲਾਫ ਮਾਮਲਾ ਦਰਜ ਕਰਕੇ ਪਤੀ ਹਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਝੁਨੀਰ ਪੁਲਿਸ ਨੇ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਦੋਵੇਂ ਦੇਹਾਂ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਹਨ।