ਪੰਜਾਬ ਦੇ ਜਿਲ੍ਹਾ ਫਿਰੋਜ਼ਪੁਰ ਵਿਚ ਇਕ ਬੱਸ ਦੇ ਡਰਾਈਵਰ ਵੱਲੋਂ ਤੇਜ ਸਪੀਡ ਵਿਚ ਜਾ ਰਹੀ ਬੱਸ ਨੂੰ ਅਚਾਨਕ ਬ੍ਰੇਕ ਲਗਾਉਣ ਦੇ ਕਾਰਨ 6 ਮਹੀਨੇ ਦੀ ਗਰਭ-ਵਤੀ ਔਰਤ ਡਿੱਗ ਕੇ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ। ਜਿਸ ਨੂੰ ਤੁਰੰਤ ਹੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਦੇ ਵਿਚ ਪਹੁੰਚਦੇ ਕੀਤਾ ਗਿਆ। ਜਿੱਥੇ ਇਲਾਜ ਦੌਰਾਨ ਮਹਿਲਾ ਨੇ ਦਮ ਤੋੜ ਦਿੱਤਾ। ਮਹਿਲਾ ਦੀ ਮੌ-ਤ ਕਾਰਨ ਉਸ ਦੇ ਗਰਭ ਵਿਚ ਪਲ ਰਹੇ ਬੱਚੇ ਦੀ ਵੀ ਮੌ-ਤ ਹੋ ਗਈ। ਨੂੰਹ ਦੇ ਗਰਭ-ਵਤੀ ਹੋਣ ਤੇ ਪਰਿਵਾਰ ਵਾਲੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਲਈ ਜਾ ਰਹੇ ਸਨ।
ਮ੍ਰਿਤਕਾ ਸਿਮਰਨਜੀਤ ਕੌਰ ਉਮਰ 25 ਸਾਲਾ ਵਾਸੀ ਪਿੰਡ ਡੋਡ, ਜ਼ਿਲ੍ਹਾ ਫਰੀਦਕੋਟ ਦੇ ਸਹੁਰੇ ਸਾਧੂ ਸਿੰਘ ਨੇ ਥਾਣਾ ਕੁਲਗੜ੍ਹੀ ਵਿਖੇ ਸ਼ਿਕਾਇਤ ਦਰਜ ਕਰਵਾਈ ਹੈ। ਜਿਸ ਵਿੱਚ ਉਸ ਨੇ ਦੱਸਿਆ ਹੈ ਕਿ ਉਹ 28 ਮਈ ਦੀ ਸਵੇਰ ਨੂੰ ਆਪਣੇ ਪਰਿਵਾਰ ਸਮੇਤ ਅੰਮ੍ਰਿਤਸਰ ਮੱਥਾ ਟੇਕਣ ਲਈ ਘਰ ਤੋਂ ਰਵਾਨਾ ਹੋਏ ਸਨ। ਉਹ ਸਰਬਜੀਤ ਕੰਪਨੀ ਦੀ ਬੱਸ ਵਿੱਚ ਬੈਠ ਕੇ ਅੰਮ੍ਰਿਤਸਰ ਜਾ ਰਹੇ ਸਨ। ਬੱਸ ਜਦੋਂ ਸਵੇਰੇ ਕੁਲਗੜ੍ਹੀ ਨੇੜੇ ਪਹੁੰਚੀ। ਬੱਸ ਦਾ ਡਰਾਈਵਰ ਬੱਸ ਨੂੰ ਤੇਜ਼ ਰਫ਼ਤਾਰ ਨਾਲ ਚਲਾ ਰਿਹਾ ਸੀ।
ਬੱਸ ਡਰਾਇਵਰ ਖ਼ਿਲਾਫ਼ ਪੁਲਿਸ ਨੇ ਕੀਤੀ ਐਫ. ਆਈ. ਆਰ. ਦਰਜ
ਇਸ ਦੌਰਾਨ ਬੱਸ ਦੇ ਅੱਗੇ ਇੱਕ ਟ੍ਰੈਕਟਰ ਟ੍ਰਾਲੀ ਆ ਗਈ ਅਤੇ ਡਰਾਈਵਰ ਨੇ ਅਚਾਨਕ ਬ੍ਰੇਕ ਲਗਾ ਦਿੱਤੀ। ਜਿਸ ਕਾਰਨ ਬੱਸ ਦੇ ਅੰਦਰ ਬੈਠੀ ਉਸ ਦੀ 6 ਮਹੀਨੇ ਦੀ ਗਰਭ-ਵਤੀ ਨੂੰਹ ਸਿਮਰਨਜੀਤ ਕੌਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ। ਜਿਸ ਨੂੰ ਉਹ ਇਲਾਜ ਲਈ ਮੈਡੀਕਲ ਕਾਲਜ ਲੈ ਕੇ ਪਹੁੰਚੇ। ਜਿੱਥੇ ਇਲਾਜ ਦੌਰਾਨ ਤੀਸਰੇ ਦਿਨ ਉਸ ਦੀ ਨੂੰਹ ਦੀ ਮੌ-ਤ ਹੋ ਗਈ।
ਥਾਣਾ ਕੁਲਗੜ੍ਹੀ ਦੇ ਏ. ਐਸ. ਆਈ. ਕੁਲਵੰਤ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ਉਤੇ ਬੱਸ ਡਰਾਇਵਰ ਬਲਜੀਤ ਸਿੰਘ ਦੇ ਖ਼ਿਲਾਫ਼ ਆਈਪੀਸੀ ਦੀਆਂ ਵੱਖੋ ਵੱਖ ਧਾਰਾਵਾਂ ਦੇ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।