ਪੰਜਾਬ ਸੂਬੇ ਦੇ ਜ਼ਿਲ੍ਹਾ ਗੁਰਦਾਸਪੁਰ, ਬਟਾਲਾ ਦੇ ਪਿੰਡ ਢਡਿਆਲਾ ਨੱਤ ਵਿਚ ਪਾਪੀ ਸਹੁਰਿਆਂ ਵਲੋਂ ਨੂੰਹ ਦੀ ਰੋਟੀ ਵਿਚ ਜ਼ਹਿਰੀ ਚੀਜ ਦੇ ਕੇ ਉਸ ਦੀ ਜਿੰਦਗੀ ਸਮਾਪਤ ਕਰ ਦੇਣ ਦੀ ਦੁਖਦ ਖ਼ਬਰ ਸਾਹਮਣੇ ਆਈ ਹੈ। ਥਾਣਾ ਸਦਰ ਦੇ ਏ. ਐਸ. ਆਈ. ਸੁਖਜਿੰਦਰ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਮ੍ਰਿਤਕ ਗੁਰਲੀਨ ਕੌਰ ਦੀ ਮਾਤਾ ਬਲਵਿੰਦਰ ਕੌਰ ਪਤਨੀ ਕਸ਼ਮੀਰ ਸਿੰਘ ਵਾਸੀ ਪਿੰਡ ਸੰਘੇੜਾ ਨੇ ਲਿਖਿਆ ਹੈ ਕਿ ਉਸ ਦੀ ਲੜਕੀ ਦਾ ਵਿਆਹ ਰਣਜੋਧ ਸਿੰਘ ਪੁੱਤਰ ਕੁਲਵੰਤ ਸਿੰਘ ਪਿੰਡ ਢਡਿਆਲਾ ਨੱਤ ਦੇ ਰਹਿਣ ਵਾਲੇ ਨਾਲ 3 ਸਾਲ ਪਹਿਲਾਂ ਹੋਇਆ ਸੀ। ਉਸ ਦਾ ਪਤੀ ਵਿਦੇਸ਼ ਵਿੱਚ ਰਹਿੰਦਾ ਹੈ ਅਤੇ ਉਸ ਦਾ ਇੱਕ 2 ਸਾਲ ਦਾ ਬੇਟਾ ਵੀ ਹੈ।
ਸ਼ਿਕਾਇਤ-ਕਰਤਾ ਨੇ ਦੱਸਿਆ ਕਿ ਉਸ ਦੀ ਧੀ ਦੇ ਵਿਆਹ ਤੋਂ ਕੁਝ ਸਮਾਂ ਬਾਅਦ ਹੀ ਉਸ ਦੇ ਸਹੁਰੇ ਪਰਿਵਾਰ ਵਾਲੇ ਦਾਜ ਵਿੱਚ 12 ਲੱਖ ਰੁਪਏ ਨਕਦ ਅਤੇ ਕਾਰ ਦੀ ਮੰਗ ਕਰਦੇ ਸਨ ਅਤੇ ਅਕਸਰ ਉਸ ਦੀ ਧੀ ਨਾਲ ਕੁੱਟ-ਮਾਰ ਕਰਦੇ ਸਨ। ਬੀਤੇ ਦਿਨੀਂ ਉਸ ਦੀ ਸੱਸ ਸਰਬਜੀਤ ਕੌਰ ਨੇ ਗੁਰਲੀਨ ਕੌਰ ਨੂੰ ਖਾਣੇ ਵਿਚ ਕੋਈ ਜ਼ਹਿਰੀ ਚੀਜ਼ ਖੁਆ ਦਿੱਤੀ, ਜਿਸ ਕਾਰਨ ਉਸ ਦੀ ਸਿਹਤ ਵਿਗੜ ਗਈ ਅਤੇ ਉਸ ਨੇ ਤੁਰੰਤ ਉਨ੍ਹਾਂ ਨੂੰ ਫੋਨ ਕੀਤਾ। ਜਿਸ ਉਤੇ ਬੇਟੀ ਨੂੰ ਤੁਰੰਤ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ ਵਿਚ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਦੇ ਨਾਜ਼ੁਕ ਹਾਲ ਨੂੰ ਦੇਖਦੇ ਹੋਏ ਉਸ ਨੂੰ ਅੰਮ੍ਰਿਤਸਰ ਵਿਖੇ ਰੈਫਰ ਕਰ ਦਿੱਤਾ ਅਤੇ ਅੱਜ ਸਵੇਰੇ ਇਲਾਜ ਦੇ ਦੌਰਾਨ ਉਸ (ਗੁਰਲੀਨ ਕੌਰ) ਦੀ ਮੌ-ਤ ਹੋ ਗਈ।
ਏ. ਐੱਸ. ਆਈ. ਸੁਖਜਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਉਕਤ ਮਾਮਲੇ ਉਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਮ੍ਰਿਤਕ ਔਰਤ ਦੀ ਮਾਤਾ ਦੇ ਬਿਆਨ ਦੇ ਆਧਾਰ ਉਤੇ ਪਤੀ ਰਣਜੋਧ ਸਿੰਘ, ਸੱਸ ਸਰਬਜੀਤ ਕੌਰ ਅਤੇ ਸਹੁਰਾ ਕੁਲਵੰਤ ਸਿੰਘ ਦੇ ਖਿਲਾਫ਼ ਥਾਣਾ ਸਦਰ ਵਿਖੇ ਮਾਮਲਾ ਦਰਜ ਕਰ ਲਿਆ ਹੈ।