ਪੰਜਾਬ ਸੂਬੇ ਵਿਚ ਜਿਲ੍ਹਾ ਹੁਸ਼ਿਆਰਪੁਰ ਦੇ ਤਲਵਾੜਾ ਮੁਕੇਰੀਆਂ ਹਾਈਡਲ ਨਹਿਰ ਵਿਚ ਇਕ ਮਾਰੂਤੀ ਬਰੇਜਾ ਕਾਰ ਡਿੱਗ ਗਈ। ਹੁਸ਼ਿਆਰਪੁਰ ਤੋਂ ਆਈ ਗੋਤਾਖੋਰਾਂ ਦੀ ਟੀਮ ਵਲੋਂ ਕਾਫੀ ਸਖ਼ਤ ਮਿਹਨਤ ਤੋਂ ਬਾਅਦ ਕਰੇਨ ਦੀ ਮਦਦ ਦੇ ਨਾਲ ਉਸ ਕਾਰ ਨੂੰ ਨਹਿਰ ਵਿੱਚੋਂ ਬਾਹਰ ਕੱਢਿਆ ਗਿਆ। ਉਸ ਕਾਰ ਵਿੱਚੋਂ ਇੱਕ ਦੇਹ ਮਿਲੀ ਹੈ। ਇਸ ਮ੍ਰਿਤਕ ਵਿਅਕਤੀ ਦੀ ਪਹਿਚਾਣ ਐਡਵੋਕੇਟ ਜੋਗਰਾਜ ਸਿੰਘ ਉਮਰ 67 ਸਾਲ ਵਾਸੀ ਕਪੂਰਥਲਾ ਦੇ ਰੂਪ ਵਜੋਂ ਹੋਈ ਹੈ। ਐਡਵੋਕੇਟ ਜੋਗਰਾਜ ਸਿੰਘ ਕਪੂਰਥਲਾ ਦਾ ਰਹਿਣ ਵਾਲਾ ਸੀ।
ਤਲਵਾੜਾ ਵਿਚ ਘੁੰਮਣ ਆਇਆ ਸੀ ਅਮਰੀਕਾ ਵਾਸੀ
ਐਡਵੋਕੇਟ ਜੋਗਰਾਜ ਸਿੰਘ ਕਰੀਬ ਪਿਛਲੇ 30 ਸਾਲਾਂ ਤੋਂ ਅਮਰੀਕਾ ਦੇ ਵਿੱਚ ਰਹਿ ਰਿਹਾ ਸੀ। ਉਹ ਪੰਜਾਬ ਵਿਚ ਘੁੰਮਣ ਲਈ ਆਇਆ ਸੀ। ਜੋਗਰਾਜ ਸਿੰਘ ਦੋ ਦਿਨਾਂ ਤੋਂ ਤਲਵਾੜਾ ਵਿੱਚ ਘੁੰਮ ਰਿਹਾ ਸੀ। ਜਦੋਂ ਉਹ ਸ਼ਾਹ ਨਹਿਰ ਬੈਰਾਜ ਰਾਹੀਂ ਹੁੰਦਾ ਹੋਇਆ ਆਪਣੀ ਕਾਰ ਵਿਚ ਤਲਵਾੜਾ ਵੱਲ ਨੂੰ ਜਾ ਰਿਹਾ ਸੀ ਤਾਂ ਅਚਾਨਕ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਕਾਰ ਬੇਕਾਬੂ ਹੋ ਕੇ ਨਹਿਰ ਦੇ ਵਿੱਚ ਜਾ ਡਿੱਗੀ। ਜਿਸ ਕਾਰਨ ਜੋਗਰਾਜ ਸਿੰਘ ਦੀ ਮੌ-ਤ ਹੋ ਗਈ।
ਮ੍ਰਿਤਕ ਦੇ ਰਿਸ਼ਤੇਦਾਰ ਨੇ ਦੱਸਿਆ ਪੀਤੀ ਹੋਈ ਸੀ ਸ਼ਰਾਬ
ਇਸ ਮਾਮਲੇ ਸਬੰਧੀ ਮ੍ਰਿਤਕ ਦੇ ਰਿਸ਼ਤੇਦਾਰ ਬਾਬੂ ਨੇ ਦੱਸਿਆ ਕਿ ਉਸ ਨੂੰ ਪਿੰਡ ਖਿਜਾਰਪੁਰ ਤੋਂ ਫੋਨ ਆਇਆ ਸੀ ਕਿ ਇੱਕ ਅਣਪਛਾਤਾ ਵਿਅਕਤੀ ਜੋ ਪਿੰਡ ਦੇ ਬਾਹਰ ਸ਼ਰਾਬੀ ਹਾਲ ਵਿਚ ਕਾਰ ਲਾ ਕੇ ਖੜ੍ਹਾ ਹੈ। ਉਹ ਆਪਣੇ ਆਪ ਨੂੰ ਤੁਹਾਡਾ ਜਾਣਕਾਰ ਦੱਸ ਰਿਹਾ ਹੈ। ਜਿਸ ਤੋਂ ਬਾਅਦ ਉਹ ਉਸ ਨੂੰ ਹਾਜੀਪੁਰ ਸਥਿਤ ਆਪਣੇ ਘਰ ਲੈ ਆਇਆ। ਪਰ ਉਸ ਨੇ ਬਹੁਤ ਜ਼ਿਆਦਾ ਸ਼ਰਾਬ ਪੀਤੀ ਹੋਈ ਸੀ। ਜਿਸ ਕਾਰਨ ਜੋਗਰਾਜ ਸਿੰਘ ਉਸ ਦੇ ਘਰ ਵਿਚ ਨਹੀਂ ਗਿਆ।
ਸਗੋਂ ਉਹ ਉਸ ਦੀ ਦੁਕਾਨ ਦੇ ਬਾਹਰ ਹੀ ਕਾਰ ਵਿੱਚ ਸੌਂ ਗਿਆ ਅਤੇ ਜਦੋਂ ਉਹ ਜਾਗਿਆ ਤਾਂ ਉਹ ਉਥੋਂ ਕਾਰ ਲੈ ਕੇ ਤਲਵਾੜਾ ਵੱਲ ਚਲਾ ਗਿਆ। ਉਸ ਨੇ ਇਸ ਹਾਦਸੇ ਦੀ ਸਾਰੀ ਜਾਣਕਾਰੀ ਜੋਗਰਾਜ ਸਿੰਘ ਦੇ ਪਰਿਵਾਰ ਨੂੰ ਦੇ ਦਿੱਤੀ ਹੈ। ਪੁਲਿਸ ਨੇ ਦੇਹ ਨੂੰ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਹੈ।