ਪੰਜਾਬ ਵਿੱਚ ਜਲੰਧਰ ਦੇ ਨਕੋਦਰ ਤੋਂ ਨੂਰਮਹਿਲ ਰੋਡ ਉਤੇ ਵਾਪਰੇ ਇਕ ਭਿਆ-ਨਕ ਸੜਕ ਹਾਦਸੇ ਵਿਚ ਟਰੱਕ ਦੀ ਲਪੇਟ ਵਿਚ ਆਉਣ ਕਾਰਨ ਮੋਟਰਸਾਈਕਲ ਸਵਾਰ ਦੀ ਮੌ-ਤ ਹੋ ਗਈ। ਮ੍ਰਿਤਕ ਦੀ ਪਹਿਚਾਣ ਦੀਰਜ ਸਿੱਧੂ ਪੁੱਤਰ ਰਾਕੇਸ਼ ਸਿੱਧੂ ਵਾਸੀ ਸਿੱਧਵਾਂ ਸਟੇਸ਼ਨ ਨਕੋਦਰ ਦੇ ਰੂਪ ਵਜੋਂ ਹੋਈ ਹੈ। ਸੰਤੋਖ ਰਾਮ ਵਾਸੀ ਸਿੱਧਵਾਂ ਸਟੇਸ਼ਨ ਨੇ ਥਾਣਾ ਸਦਰ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਅੱਜ ਸਵੇਰੇ ਮੈਂ ਨਿੱਜੀ ਕੰਮ ਲਈ ਮੋਟਰਸਾਈਕਲ ਉਤੇ ਨਕੋਦਰ ਆਇਆ ਸੀ ਅਤੇ ਮੇਰਾ ਭਤੀਜਾ ਦੀਰਜ ਸਿੱਧੂ ਪੁੱਤਰ ਰਾਕੇਸ਼ ਸਿੱਧੂ ਜੋ ਕਿ ਆਪਣੀ ਮਾਤਾ ਸੰਦੀਪ ਕੌਰ ਨੂੰ ਬੱਸ ਸਟੈਂਡ ਨਕੋਦਰ ਛੱਡਣ ਲਈ ਮੋਟਰਸਾਈਕਲ ਉਤੇ ਆਇਆ ਸੀ।
ਉਹ ਮੈਨੂੰ ਅੰਬੇਡਕਰ ਚੌਂਕ ਨਕੋਦਰ ਦੇ ਨੇੜੇ ਮਿਲ ਗਿਆ। ਅਸੀਂ ਦੋਵੇਂ ਇਕੱਠੇ ਹੀ ਆਪੋ ਆਪਣੇ ਮੋਟਰਸਾਈਕਲਾਂ ਉਤੇ ਪਿੰਡ ਜਾਣ ਲਈ ਤੁਰ ਪਏ। ਮੇਰਾ ਭਤੀਜਾ ਦਿਰਾਜ ਸਿੱਧੂ ਅੱਗੇ ਸੀ ਅਤੇ ਮੈਂ ਉਸ ਦੇ ਮਗਰ ਜਾ ਰਿਹਾ ਸੀ। ਜਦੋਂ ਨਕੋਦਰ ਤੋਂ ਨੂਰਮਹਿਲ ਰੋਡ ਉਤੇ ਰਿਲਾਇੰਸ ਪੰਪ ਤੋਂ ਥੋੜਾ ਅੱਗੇ ਗਏ ਤਾਂ ਸਵੇਰੇ ਸਾਢੇ ਅੱਠ ਵਜੇ ਦੇ ਕਰੀਬ ਇੱਕ ਟਰੱਕ ਨੂਰਮਹਿਲ ਤੋਂ ਨਕੋਦਰ ਵੱਲ ਤੇਜ਼ ਰਫ਼ਤਾਰ ਦੇ ਨਾਲ ਆ ਰਿਹਾ ਸੀ।
ਉਸ ਟਰੱਕ ਦੇ ਡਰਾਈਵਰ ਨੇ ਲਾਪ੍ਰਵਾਹੀ ਨਾਲ ਮੇਰੇ ਭਤੀਜੇ ਦੀਰਜ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਇਸ ਦੌਰਾਨ ਮੇਰਾ ਭਤੀਜਾ ਸੜਕ ਦੇ ਵਿਚਕਾਰ ਡਿੱਗ ਪਿਆ। ਡਿੱਗ ਜਾਣ ਦੇ ਕਾਰਨ ਉਹ ਟਰੱਕ ਦੇ ਪਿਛਲੇ ਟਾਇਰ ਹੇਠਾਂ ਆ ਗਿਆ। ਟਰੱਕ ਡਰਾਈਵਰ ਘਟਨਾ ਵਾਲੀ ਥਾਂ ਤੋਂ ਆਪਣੇ ਟਰੱਕ ਸਮੇਤ ਫਰਾਰ ਹੋ ਗਿਆ।
ਇਸ ਹਾਦਸੇ ਤੋਂ ਤੁਰੰਤ ਬਾਅਦ ਮੈਂ ਆਪਣੇ ਭਤੀਜੇ ਨੂੰ ਇਲਾਜ ਲਈ ਸਿਵਲ ਹਸਪਤਾਲ ਨਕੋਦਰ ਵਿਚ ਲੈ ਕੇ ਗਿਆ, ਜਿੱਥੇ ਡਾਕਟਰਾਂ ਨੇ ਮੁੱਢਲੀ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਥਾਣਾ ਸਦਰ ਦੇ ਮੁਖੀ ਗੁਰਿੰਦਰਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਚਾਚਾ ਸੰਤੋਖ ਰਾਮ ਵਾਸੀ ਸਿੱਧਵਾਂ ਦੇ ਬਿਆਨਾਂ ਉਤੇ ਅਣਪਛਾਤੇ ਟਰੱਕ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰਕੇ ਪੁਲਿਸ ਵਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।